ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਡਰ


ਨੀਂਦਰ ਗੋਲੀ ਘੁੱਟ ਸ਼ਰਾਬ
ਕਾਮਦੇਵ ਦਾ ਅੰਨ੍ਹਾਂ ਵੇਗ
ਬੀਤ ਗਏ ਤੇ ਲੰਮੀ ਬਹਿਸ
ਘੰਟਿਆਂ ਬੱਧੀ ਤੱਕਿਆ ਟੀ ਵੀ
ਪਹਿਲਾ ਦੂਜਾ ਤੀਜਾ ਚੌਥਾ ਟੈਲੀਫ਼ੋਨ
ਮੇਰੇ ਡਰ ਦੇ ਕਿੰਨੇ ਰੂਪ...

ਬਿਨਾ ਗੱਲ ਤੋਂ ਕਰਦਾਂ ਗੱਲ
ਬਿਨਾ ਪਤੇ ਤੋਂ ਲਿਖਾਂ ਚਿੱਠੀ
ਬਿਨ ਦਿਲਚਸਪੀ ਪੜ੍ਹਾਂ ਕਿਤਾਬ
ਸੋਚਣ ਬਾਝੋਂ ਆਉਣ ਵਿਚਾਰ
ਡਰ ਦੀ ਮਾਰ...

ਪਰਦੇ ਵਿਚ ਲੁੱਕਿਆ ਡਰ ਝਾਕੇ
ਮੁੜ ਮੁੜ ਹਿਲਦੀ ਲੱਤ 'ਚੋਂ
ਉਂਗਲੀਂ ਪਾਏ ਪਟਾਕੇ
ਬੋਲੇ ਸੁਕਦੇ ਗਲ 'ਚੋਂ

ਡਰ ਅੰਗਾਂ ਦੀ ਥਾਂ ਬਦਲਾਵੇ
ਆਏ ਪਸੀਨਾ ਕੰਨਾਂ ਪਿੱਛੇ
ਜੀਭਾ ਤਾਲੂ ਨਾਲ ਜਾ ਲੱਗੇ
ਦਿਲ ਦੀ ਧੜਕਣ ਪੁੜਪੁੜੀਆਂ ਵਿੱਚ
ਪੈਰ ਪਿਛਾਂਹ ਸਿਰ ਧਰਤੀ ਲੱਗੇ

ਡਰ ਚੀਜ਼ਾਂ ਉਲਟਾਅ ਦੇਵੇ
ਨੀਂਦਰ ਜਾਗਣ ਲਈ ਹੋ ਜਾਵੇ
ਹਾਸੇ ਵਿਚ ਤੰਦੂਰ ਤਪੀਵੇ
ਸਹਿਜ ਸੁਭਾਏ ਪੁੱਛੀ ਗੱਲ ਵੀ ਕੰਡਾ ਚੋਭੇ

ਕਦੀ ਕਦੀ ਡਰ ਬਾਹਰੋਂ ਦਿੱਸੇ
ਮੇਰੀ ਨਬਜ਼ ਵੇਖਦੇ ਡਾਕਟਰ ਦੀ ਚਿੰਤਾ ਚੋਂ
ਸੱਦ ਬੁਲਾਏ ਮਿੱਤਰਾਂ ਦੇ ਨਾ ਆਉਣ ਤੋਂ
ਬੱਚੇ ਦੇ ਡਰ
ਪਤਨੀ ਦੀ ਚੁੱਪ 'ਚੋਂ

(72)