ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/44

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੀ ਕਰਦਾ ਬੇਪਰਵਾਹੀ ਜੇ

ਕੀ ਕਰਦਾ ਬੇਪਰਵਾਹੀ ਜੇ, ਕੀ ਕਰਦਾ ਬੇਪਰਵਾਹੀ ਜੇ। ਟੇਕ।
ਕੁੰਨ ਕਿਹਾ ਫ਼ਯੀਕੂਨ ਕਹਾਇਆ, ਬਾਤਨ ਜ਼ਾਹਰ ਦੇ ਵਲ ਆਇਆ।
ਬੇਚੂਨੀ ਦਾ ਚੂਨ ਬਣਾਇਆ, ਬਿਖੜੀ ਖੇਡ ਮਚਾਈ ਜੇ।
ਸਿਰਰ ਮਖ਼ਫ਼ੀ ਦਾ ਜਿਸ ਦਮ ਬੋਲਾ, ਘੁੰਘਟ ਅਪਨੇ ਮੂੰਹ ਸੇ ਖੋਲਾ।
ਹੁਣ ਕਿਉਂ ਕਰਦਾ ਸਾਥੋਂ ਓਹਲਾ, ਸਭ ਵਿਚ ਹਕੀਕਤ ਆਈ ਜੇ।
ਕਰਮੰਨਾ ਬਨੀ ਆਦਮ ਕਿਹਾ, ਕੋਈ ਨਾ ਕੀਤਾ ਤੇਰੇ ਜਿਹਾ।
ਸ਼ਾਨ ਬਜ਼ੁਰਗੀ ਦੇ ਸੰਗ ਇਹਾ, ਡਫੜੀ ਖ਼ੂਬ ਵਜਾਈ ਜੇ।
ਆਪੇ ਬੇਪਰਵਾਹੀਆਂ ਕਰਦੇ, ਆਪਣੇ ਆਪ ਸੇ ਆਪੇ ਡਰਦੇ।
ਰਿਹਾ ਸਮਾ ਵਿਚ ਹਰ ਹਰ ਘਰ ਦੇ, ਭੁੱਲੀ ਫਿਰੇ ਲੋਕਾਈ ਜੇ।
ਚੇਟਕ ਲਾ ਦੀਵਾਨਾ ਹੋਇਆ, ਲੈਲਾ ਬਣ ਕੇ ਮਜਨੂੰ ਮੋਹਿਆ।
ਆਪੇ ਰੋਇਆ ਆਪੇ ਧੋਇਆ, ਕਹੀ ਕੀਤੀ ਅਸ਼ਨਾਈ ਜੇ।
ਆਪੇ ਹੈਂ ਤੂੰ ਸਾਜਨ ਸਈਆਂ, ਅਕਲ ਦਲੀਲਾਂ ਸਭ ਉਠ ਗਈਆਂ।
ਬੁਲ੍ਹਾ ਸ਼ਾਹ ਨੇ ਖੁਸ਼ੀਆਂ ਲਈਆਂ, ਹੁਣ ਕਰਦਾ ਕਿਉਂ ਜੁਦਾਈ ਜੇ।

ਕੀ ਜਾਣਾਂ ਮੈਂ ਕੋਈ ਵੇ ਅੜਿਆ

ਕੀ ਜਾਣਾਂ ਮੈਂ ਕੋਈ ਵੇ ਅੜਿਆ, ਕੀ ਜਾਣਾਂ ਮੈਂ ਕੋਈ। ਟੇਕ।
ਜੋ ਕੋਈ ਅੰਦਰ ਬੋਲੇ ਚਾਲੇ, ਜ਼ਾਤ ਅਸਾਡੀ ਸੋਈ।
ਜਿਸ ਦੇ ਨਾਲ ਮੈਂ ਨੇਹੁੰੰ ਲਗਾਇਆ, ਓਹੋ ਜਿਹੀ ਹੋਈ।
ਚਿੱਟੀ ਚਾਦਰ ਲਾਹ ਸੁੱਟ ਕੁੜੀਏ, ਪਹਿਨ ਫ਼ਕੀਰਾਂ ਦੀ ਲੋਈ।
ਚਿੱਟੀ ਚਾਦਰ ਨੂੰ ਦਾਗ਼ ਲੱਗੇਗਾ, ਲੋਈ ਨੂੰ ਦਾਗ਼ ਨ ਕੋਈ।
ਅਲਫ਼ ਪਛਾਤਾ ਬੇ ਪਛਾਤੀ, ਤੇ ਤਲਾਵਤ ਹੋਈ।
ਸੀਨ ਪਛਾਤਾ ਸ਼ੀਨ ਪਛਾਤਾ, ਸਾਦਕ ਸਾਬਰ ਹੋਈ।
ਕੂ ਕੂ ਕਰਦੀ ਕੁਮਰੀ ਆਹੀ, ਗਲ ਵਿਚ ਤੌਕ ਪਿਓਈ।

42