ਸਮੱਗਰੀ 'ਤੇ ਜਾਓ

ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵਨ ਜੰਮਣ ਮਰਨ ਵੰਜਾਇਆ, ਆਪਣੀ ਸੁੱਧ ਬੁੱਧ ਰਹੀ ਨਾ ਕਾਈ।
ਮੈਂ ਜਾਤਾ ਸੀ ਇਸ਼ਕ ਸੁਖਾਲਾ, ਚਹੁੰ ਨਦੀਆਂ ਦਾ ਵਹਿਣ ਉਛਾਲਾ।
ਕਦੀ ਤੇ ਅੱਗ ਭੜਕੇ ਕਦੀ ਪਾਲਾ, ਨਿੱਤ ਬਿਰਹੋਂ ਅੱਗ ਲਗਾਈ।
ਡਉਂ ਡਉਂ ਇਸ਼ਕ ਨੱਕਾਰੇ ਵੱਜਦੇ, ਆਸ਼ਕ ਵੇਖ ਉਤੇ ਵੱਲ ਭੱਜਦੇ।
ਤੜ ਤੜ ਤਿੜਕ ਗਏ ਲੜ ਲੱਜ ਦੇ, ਲੱਗਿਆ ਨੇਹੁੰ ਤਾਂ ਸ਼ਰਮ ਸਿਧਾਈ।
ਪਿਆਰੇ ਬੱਸ ਕਰ ਬਹੁਤੀ ਹੋਈ, ਤੇਰਾ ਇਸ਼ਕ ਮੇਰੀ ਦਿਲਜੋਈ।
ਤੈਂ ਬਿਨ ਮੇਰਾ ਸਕਾ ਨਾ ਕੋਈ, ਅੰਮਾਂ ਬਾਬਲ ਭੈਣ ਨਾ ਭਾਈ।
ਕਦੀ ਜਾ ਅਸਮਾਨੀ ਬਹਿੰਦੇ ਹੋ, ਕਦੀ ਇਸ ਜੱਗ ਦਾ ਦੁੱਖ ਸਹਿੰਦੇ ਹੋ।
ਕਦੀ ਪੀਰੇ ਮੁਗ਼ਾਂ ਬਣ ਬਹਿੰਦੇ ਹੋ, ਮੈਂ ਤਾਂ ਇਕਸ਼ੇ ਨਾਚ ਨਚਾਈ।
ਤੇਰੇ ਹਿਜਰੇ ਵਿਚ ਮੇਰਾ ਹੁਜਰਾ ਏ, ਦੁੱਖ ਡਾਢਾ ਮੈਂ ਪਰ ਗੁਜ਼ਰਾ ਏ।
ਕਦੇ ਹੋ ਮਾਇਲ ਮੇਰਾ ਮੁਜਰਾ ਏ, ਮੈਂ ਤੈਥੋਂ ਘੋਲ ਘੁਮਾਈ।
ਤੁਧ ਕਾਰਨ ਮੈਂ ਐਸਾ ਹੋਇਆ, ਨੌ ਦਰਵਾਜ਼ੇ ਬੰਦ ਕਰ ਸੋਇਆ।
ਦਰ ਦਸਵੇਂ ਤੇ ਆਣ ਖਲੋਇਆ, ਕਦੇ ਮੰਨ ਮੇਰੀ ਅਸ਼ਨਾਈ।
ਬੁਲ੍ਹਾ ਸ਼ਹੁ ਮੈਂ ਤੇਰੇ ਵਾਰੇ ਹਾਂ, ਮੁਖ ਵੇਖਣ ਦੇ ਵਣਜਾਰੇ ਹਾਂ।
ਕੁਝ ਅਸੀਂ ਵੀ ਤੈਨੂੰ ਪਿਆਰੇ ਹਾਂ, ਕਿ ਮੈਂ ਐਵੇ ਘੋਲ ਘੁਮਾਈ ਹਾਂ।

ਮੈਂ ਵੈਸਾਂ ਜੋਗੀ ਦੇ ਨਾਲ

ਮੈਂ ਵੈਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ । ਟੇਕ।
ਮੈਂ ਵੈਸਾਂ ਨਾ ਰਹਿਸਾਂ ਹੋੜੇ, ਕੌਣ ਕੋਈ ਮੈਂ ਜਾਂਦੀ ਨੂੰ ਮੋੜੇ
ਮੈਨੂੰ ਮੁੜਨਾ ਹੋਇਆ ਮੁਹਾਲ, ਸਿਰ ਤੇ ਮਿਹਣਾ ਚਾ ਕੇ।
ਜੋਗੀ ਨਹੀਂ ਇਹ ਦਿਲ ਦਾ ਮੀਤਾ, ਭੁਲ ਗਈ ਮੈਂ ਪਿਆਰ ਨਾ ਕੀਤਾ।
ਮੈਨੂੰ ਰਹੀ ਨਾ ਕੁਝ ਸੰਭਾਲ, ਉਸ ਦਾ ਦਰਸ਼ਨ ਪਾ ਕੇ।
ਏਸ ਜੋਗੀ ਮੈਨੂੰ ਕਹੀਆਂ ਲਾਈਆਂ, ਹੇਠ ਕਲੇਜੇ ਕੁੰਡੀਆਂ ਪਾਈਆਂ।
ਇਸ਼ਕ ਦਾ ਪਾਇਆ ਜਾਲ, ਮਿੱਠੀ ਬਾਤ ਸੁਣਾ ਕੇ।
ਮੈਂ ਜੋਗੀ ਨੂੰ ਖ਼ੂਬ ਪਛਾਤਾ, ਲੋਕਾਂ ਮੈਨੂੰ ਕਮਲੀ ਜਾਤਾ।
ਲੁੱਟੀ ਝੰਗ ਸਿਆਲ, ਕੰਨੀਂ ਮੁੰਦਰਾਂ ਪਾ ਕੇ।

79