ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/27

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਜਿਸ ਗੱਲ ਨੂੰ ਸਹੁ ਭੇਜਿਆ ਈ ਵੋ,
ਸੋ ਮੈਂ ਬਾਤ ਵਿਸਾਰੀ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਛੁੱਟਾਂ ਕਰੇ ਸੱਤਾਰੀ।

(33)ਸਭ ਵਲ ਛਾਡ ਕੇ ਤੂੰ ਇੱਕੋ ਵਲ ਹੋਇ।
ਵਲ ਵਲ ਦੇ ਵਿੱਚ ਕਈ ਵਲ ਪੈਂਦੇ,
ਇੱਕ ਦਿਨ ਦੇਸੀਂ ਰੋਇ।
ਔਖੀ ਘਾਟੀ, ਬਿਖੜਾ ਪੈਂਡਾ,
ਹੁਣ ਹੀ ਸਮਝਿ ਖਲੋਇ।
ਛੋੜ ਕੱਬਰ ਪਕੜ ਹਲੀਮੀ,
ਪਵੀਂ ਤਡਾਹੀਂ ਸੋਇ।
ਕੜਕਿਨ ਕਪੜ ਸਹੁ ਦਰਿਆਵਾਂ,
ਥੀਉ ਮੁਹਾਣਾ ਬੇੜੀ ਢੋਇ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਜੋ ਹੋਣੀ ਸੋ ਹੋਇ।

(34)ਸਮਝ ਨਿਦਾਨੜੀਏ,
ਤੇਰਾ ਵੈਂਦਾ ਵਖਤੁ ਵਿਹਾਂਦਾ।

ਇਹਿ ਦੁਨੀਆਂ ਦੁਇ ਚਾਰਿ ਦਿਹਾੜਿ,
ਦੇਖਦਿਆਂ ਲਦ ਜਾਂਦਾ।

ਦਉਲਤਿ ਦੁਨੀਆਂ ਮਾਲੁ ਖਜ਼ੀਨਾ,
ਸੰਗਿ ਨਾ ਕੋਈ ਲੈ ਜਾਂਦਾ।

ਮਾਤ ਪਿਤਾ ਭਾਈ ਸੁਤ ਬਨਿਤਾ,
ਨਾਲ ਨਾ ਕੋਈ ਜਾਂਦਾ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਬਾਕੀ ਨਾਮੁ ਸਾਈਂ ਦਾ ਰਹੰਦਾ।

25