ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਅੱਗੇ ਰਾਹ ਅਗੰਮ ਦਾ।
ਕੂੜੀ ਦੁਨੀਆਂ ਕੂੜ ਪਸਾਰਾ,
ਜਿਉਂ ਮੋਤੀ-ਸ਼ਬਨਮ ਦਾ।
ਜਿਨ੍ਹਾਂ ਮੇਰਾ ਸਹੁ ਰੀਝਾਇਆ,
ਤਿਨਾਂ ਨਹੀਂ ਭਉ ਜੰਮੁ ਦਾ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਛੋਡ ਸਰੀਰ ਭਸਮ ਦਾ।
(115)
ਪੋਥੀ ਖੋਲ੍ਹਿ ਦਿਖਾ ਭਾਈ ਬਾਮ੍ਹਣਾ,
ਪਿਆਰਾ ਕਦ ਵੋ ਮਿਲਸੀ ਸਾਮਣਾ।
ਬਣ ਕਾਹੇ ਬੇਲਾ ਸਭ ਫੁੱਲਿਆ,
ਦਰਦ ਮਾਹੀ ਦਾ ਦਰਿ ਦਰਿ ਹੁਲਿਆ,
ਝੁਕ ਰਹੀਆਂ ਨੀਂ ਇਸ਼ਕ ਪਲਾਮਣਾ।
ਦੇਖੋ ਕੇਡੇ ਮੈਂ ਪਾੜੇ ਪਾੜਦੀ,
ਨੈਂ ਲੰਘਦੀ ਤੇ ਨਾ ਲਤਾੜਦੀ,
ਸੁਤਿਆਂ ਸ਼ੀਹਾਂ ਨੂੰ ਨਿੱਤ ਉਲਾਂਘਣਾਂ।
ਮੇਰੀ ਜਿੰਦ ਉਤੇ ਵਲਿ ਹੋ ਰਹੀ,
ਮੈਨੂੰ ਰੋਗ ਨ ਹੁੰਦਾ ਕੋ ਸਹੀ,
ਨਿਤ ਉਠਿ ਬੋਲੇ ਵਲਿ ਤਰਾਂਘਣਾ।
ਨਿਤੁ ਸ਼ਾਹ ਹੁਸੈਨ ਪੁਕਾਰਿਦਾ,
ਸਾਈਂ ਤਾਲਬ ਤੇਰੇ ਦੀਦਾਰ ਦਾ,
ਇਕੁ ਟੁਕ ਅਸਾਂ ਵੱਲਿ ਝਾਕਣਾ।
68