ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/76

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੂਲਾਂ ਦੀ ਰੋਟੀ ਦੁਖਾਂ ਦਾ ਲਾਵਣ,
ਹੱਡਾਂ ਦਾ ਬਾਲਣ ਬਾਲ, ਨੀ ਮੈਂ ਤੈਨੂੰ ਆਖਾਂ।
ਜੰਗਲ ਜੰਗਲ ਫਿਰਾਂ ਢੂਢੇਦੀ,
ਅਜੇ ਨ ਮਿਲਿਆ ਮਹੀਵਾਲ, ਨੀ ਮੈਂ ਤੈਨੂੰ ਆਖਾਂ।
ਰਾਂਝਣ ਰਾਂਝਣ ਫਿਰਾਂ ਢੁਡੇਂਦੀ,
ਰਾਂਝਣ ਮੇਰੇ ਨਾਲ, ਨੀ ਮੈਂ ਤੈਨੂੰ ਆਖਾਂ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਵੇਖ ਨਿਮਾਣਿਆਂ ਦਾ ਹਾਲ,
ਨੀ ਮੈਂ ਤੈਨੂੰ ਆਖਾਂ।

(126)


ਮਾਏ ਨੀ ਮੈਂ ਭਈ ਦਿਵਾਨੀ
ਦੇਖ ਜਗਤ ਮੈਂ ਸ਼ੋਰੁ।
ਇਕਨਾ ਡੋਲੀ ਇਕਨਾ ਘੋੜੀ,
ਇਕੁ ਸਿਵੇ ਇਕੁ ਗੋਰ।

ਨੰਗੇ ਪੈਰੀਂ ਜਾਂਦੇ ਡਿੱਠੜੇ,
ਜਿਨ ਕੇ ਲਾਖ ਕਰੋੜ।

ਇਕੁ ਸ਼ਹੁ ਇਕ ਦਾਲਿਦਰੀ,
ਇਕ ਸਾਧੂ ਇਕ ਚੋਰ॥

ਕਹੈ ਹੁਸੈਨ ਫ਼ਕੀਰ ਨਿਮਾਣਾ,
ਲੇ ਅਸਥੋਂ ਢੋਰੁ।

(127)


ਮਾਹੀ ਮਾਹੀ ਕੂਕਦੀ, ਮੈਂ ਆਪੇ ਰਾਂਝਣ ਹੋਈ।

ਰਾਂਝਣ ਰਾਂਝਣ ਮੈਨੂੰ ਸਭ ਕੋਈ ਆਖੋ,
ਹੀਰ ਨਾ ਆਖੋ ਕੋਈ।

ਜਿਸ ਸ਼ਹੁ ਨੂੰ ਮੈਂ ਢੂੰਢਦੀ ਵਤਾਂ,
ਢੂੰਡ ਲੱਧਾ ਸ਼ਹੁ ਸੋਈ।

74