ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਜਾਣੇ ਆਪ ਧਣੀ।
(137)
ਮੈਂ ਭੀ ਝੋਕ ਰਾਂਝਣ ਦੀ ਜਾਣਾ,
ਨਾਲਿ ਮੇਰੇ ਕੋਈ ਚੱਲੇ।
ਪੈਰੀਂ ਪਉਂਦੀ ਮਿੰਨਤਾਂ ਕਰਦੀ,
ਜਾਣਾ ਤਾਂ ਪਇਆ ਇਕੱਲੇ।
ਨੈਂ ਭੀ ਡੂੰਘੀ ਤੁਲਾ ਪੁਰਾਣਾ,
ਸ਼ੀਹਾਂ ਤਾਂ ਪੱਤਣ ਮੱਲੇ।
ਜੇ ਕੋਈ ਖਬਰ ਮਿੱਤਰਾਂ ਦੀ ਲਿਆਵੇ,
ਮੈਂ ਹਥਿ ਦੇ ਦੇਨੀਆਂ ਛੱਲੇ।
ਰਾਤੀ ਦਰਦੁ ਦਿਹੇਂ ਦਰਾਮਾਂਦੀ,
ਘਾਉ ਮਿੱਤਰਾਂ ਦੇ ਅੱਲੇ।
ਰਾਂਝਾ ਯਾਰ ਤਬੀਬ ਸੁਣੀਦਾ,
ਮੈਂ ਤਨ ਦਰਦ ਅਵੱਲੇ।
ਕਹੈ ਹੁਸੈਨ ਫ਼ਕੀਰ ਨਿਮਾਣਾ
ਸਾਈਂ ਸੁਨੇਹੜੇ ਘੱਲੇ।
(138)
ਮੰਦੀ ਹਾਂ ਕਿ ਚੰਗੀ ਹਾਂ,
ਭੀ ਸਾਹਿਬ ਤੇਰੀ ਬੰਦੀ ਹਾਂ।
ਗਹਿਲਾ ਲੋਕੁ ਜਾਣੇ ਦੇਵਾਨੀ,
ਮੈਂ ਰੰਗ ਸਾਹਿਬੁ ਦੇ ਰੰਗੀ ਹਾਂ।
ਸਾਜਨ ਮੇਰਾ ਅੱਖੀਂ ਵਿਚਿ ਵਸਦਾ,
ਮੈਂ ਗਲੀਏਂ ਫਿਰਾਂ ਨਿਸੰਗੀ ਹਾਂ।
79