ਸਮੱਗਰੀ 'ਤੇ ਜਾਓ

ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/88

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

(151)

ਵਾਰੀ ਵੋ ਨਿਮਾਣਿਆਂ ਦਾ ਹਾਲੁ
ਕਦਾਵੀ ਵੋ ਮਿਹਰ ਪਵੀ।
ਰਾਤੀਂ ਦਰਦ ਦਿਹੇਂ ਦਰਮਾਂਦੀ,
ਬਿਰਹੂ ਭਛਾਇਅੜ ਸ਼ੀਂਹੁ।

ਰੋ ਰੋ ਨੈਣ ਭਰੇਨੀ ਹਾਂ ਝੋਲੀ,
ਜੀਉਂ ਸਾਵਣਦੜੋ ਮੀਂਹੁ।

ਗਲ ਵਿੱਚ ਪੱਲੂ, ਮੈਂਡਾ ਦਸਤ ਪੈਰਾਂ ਤੇ,
ਕਦੀ ਤਾਂ ਅਸਾਡੜਾ ਥੀਉਂ।

ਸਿਰ ਸਦਕੇ ਕੁਰਬਾਨੀ ਕੀਤੀ,
ਘੋਲ ਘੁਮਾਂਦੀ ਹਾਂ ਜੀਉ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਹੋਰ ਭਰੋਸਾ ਨਹੀਂ ਕਹੀ ਦਾ,
ਆਨ ਮਿਲਾਅੜੋ ਪੀਉ।

(152)


ਵਾਰੇ-ਵਾਰੇ ਜਾਨੀਆਂ ਘੋਲੀਆਂ ਨੀ।
ਜਿਸ ਸਾਜਨ ਦਾ ਦੇਵਉ ਤੁਸੀਂ ਮੇਹਣਾ,
ਤਿਸ ਸਾਜਣ ਦੀ ਮੈਂ ਗੋਲੀ ਆਹੀ ਨੀ।

ਅਚਾਚੇਤੀ ਭੋਲ ਭੁਲਾਵੈ,
ਬਾਬਲ ਦੇ ਘਰਿ ਭੋਲੀ ਆਹੀਂ ਨੀ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਤੁਧੁ ਬਾਝਉ ਹੋਰ ਨ ਜਾਣਾ,
ਖਾਕ ਪੈਰਾਂ ਦੀ ਮੈਂ ਰੋਲੀ ਆਹੀ ਨੀਂ।

86