ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/49

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨਾਮ ਸਾਈਂ ਦਾ ਜਾਪਦੇ ਦਿਨੇ ਰਾਤੀਂ,
ਇਕ ਸਾਸ ਨਾ ਦੇਣ ਭੁਲਾਇ ਭਾਈ।
ਕਾਦਰਯਾਰ ਸਾਧ ਖੁਦਾਇ ਦੇ ਜੀ,
ਕਰ ਕੇ ਕਰਮ ਦਿੰਦੇ ਬੰਨੇ ਲਾਇ ਭਾਈ।

ਮੀਮ ਮੱਲ ਬੈਠੇ ਨੀ ਸਾਧ ਡੇਰੇ,
ਚਰਚਾ ਕਰਨ ਜੋ ਜੋਗ ਧਿਆਨ ਦੀ ਜੀ।
ਸੁੱਧ ਰੂਪ ਦਾ ਕਰਦੇ ਜਾਪ ਸਾਰੇ,
ਮਾਇਆ ਤਜੀ ਹੈ ਦੇਸ਼ ਜਹਾਨ ਦੀ ਜੀ।
ਪੂਰਨ ਦੇਖ ਕੇ ਗੁਰਾਂ ਦੀ ਚਾਲ ਸਾਰੀ,
ਰੁਚ ਰਹੀ ਹੈ ਵਿਚ ਜਹਾਨ ਦੀ ਜੀ।
ਕਾਦਰਯਾਰ ਤਦੋਂ ਫੇਰ ਆਖਦਾ ਈ,
ਗੁਰੂ ਸੁਣੀਏ ਬਾਤ ਨਿਦਾਨ ਦੀ ਜੀ।

ਪੂਰਨ ਦਾ ਮਾਂ ਇੱਛਰਾਂ ਨੂੰ ਫੇਰ ਮਿਲਣ ਆਉਣਾ

ਨੂਨ ਨਾਲ ਦੇ ਸਿੱਧਾਂ ਨੇ ਕਹਿਆ ਉਥੇ,
ਜੀ ਅਸੀਂ ਚੱਲੀਏ ਸੈਲ ਵਲਾਇਤਾਂ ਦੇ।
ਦੱਖਨ ਪੂਰਬ ਤੇ ਪਸਚਮ ਦੇਖ ਸਾਰੇ,
ਲੱਥੇ ਆਇ ਕੇ ਵਿਚ ਗੁਜਰਾਇਤਾਂ ਦੇ।
ਟਿੱਲੇ ਆਪਣੇ ਤੇ ਸਿੱਧ ਆਇ ਬੈਠੇ,
ਵੱਡੇ ਸੂਰਮੇ ਨੀ ਕਰਾਮਾਇਤਾਂ ਦੇ।
ਕਾਦਰਯਾਰ ਕੀ ਸਿੱਧਾਂ ਦੀ ਸਿਫ਼ਤ ਕਰੀਏ,
ਬਨ ਬੈਠੇ ਨੀ ਕਈ ਜਮਾਇਤਾਂ ਦੇ।

ਵਾਓ ਵੜਨ ਸਿਆਲਕੋਟ ਅੰਦਰ,
ਮੇਰੀ ਮਾਇ ਤੇ ਬਾਪ ਅਨਾਥ ਸਾਧੋ।
ਮੈਂ ਤਾਂ ਮਾਇ ਦੇ ਨਾਲ ਕਰਾਰ ਕੀਤਾ,
ਫਿਰ ਆਵਾਂਗਾ ਦੂਜੜੀ ਵਾਰ ਸਾਧੋ।
ਪੁੱਤਰ ਭਇਆ ਰਸਾਲੂ ਸਲਵਾਹਨ ਦੇ ਜੀ,
ਰਾਜ ਦਿੱਤਾ ਹੈ ਉਸ ਨੂੰ ਨਾਥ ਸਾਧੋ।
ਕਾਦਰਯਾਰ ਪ੍ਰਤਿੱਗਿਆ ਪੂਰੀ ਕਰੀਏ,
ਨਾਲ ਧਰਮ ਦੇ ਕਰਨਾ ਹੈ ਸਾਥ ਸਾਧੋ।