ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੩)

ਰਾਜਾ ਨੇ ਜੋਗੀ ਪਾਸੋਂ ਮਾਫ਼ੀ ਮੰਗਣੀ

ਪੈਰੀਂ ਡਿੱਗਕੇ ਰਾਜੇ ਨੇ ਅਰਜ਼ ਕੀਤੀ ਮੇਰੀ ਮਾਫ਼ ਚਾ ਕਰੀਂ ਤਕਸੀਰ ਸਾਈਂ
ਲਾਈ ਅੱਗ ਬੁਝਾ ਦੇ ਸੁੱਖ ਹੋਵੇ ਹੋਵੇ ਜਿਵੇਂ ਹੈਸੀ ਖੂਹੀਂ ਨੀਰ ਸਾਈਂ
ਛੱਡ ਕ੍ਰੋਧ ਕਮਾਣ ਨਾਚਾਹੜ ਚਿੱਲਾ ਕਰਾਮਾਤ ਦੇ ਸਾਂਭ ਲਏ ਤੀਰ ਸਾਈਂ
ਤੂਹੀਂ ਗੁਰੂ ਸਾਡਾ ਜੀਉਂਦੀਜਾਨ ਤਾਈਂ ਮੇਰੀ ਆਲਉਲਾਦ ਦਾ ਪੀਰ ਸਾਈਂ
ਏਥੇ ਟਿਕੋ ਮੰਦਰ ਬੈਠ ਭਜਨ ਕਰਣਾ ਖਾਵੋ ਨਿੱਤ ਬੈਠੇ ਖੰਡ ਖੀਰ ਸਾਈਂ
ਅੱਗੇ ਜੋਗੀਆਂ ਦਾ ਨਹੀਂ ਨਿਆਂ ਕਰਣਾ ਲਾਹੌਰੀ ਨੱਕ ਦੇ ਨਾਲ ਲਕੀਰਸਾਈਂ

ਜੋਗੀ ਨੇ ਖ਼ੁਸ਼ ਹੋਕੇ ਅਸੀਸ ਕਰਣੀ

ਜੋਗੀ ਖ਼ੁਸ਼ੀ ਦੇ ਨਾਲ ਅਸੀਸ ਦਿੱਤੀ ਕਿਰਪਾ ਅਪਣੀ ਕਰੇ ਕਰਤਾਰ ਸਾਈਂ
ਬੁੱਝੇ ਅੱਗ ਖੂਹੀਂ ਪਾਣੀ ਵਗਣ ਨਹਿਰਾਂ ਵੱਸੇ ਦੇਸ ਏਹ ਬਾਗ਼ ਗੁਲਜ਼ਾਰ ਸਾਈਂ
ਦੁੱਧ ਪੁੱਤ ਤੇ ਲਛਮੀ ਰਹੇ ਹਾਜ਼ਰ ਤੇਰਾ ਰਾਜ ਅੱਟਲ ਦਰਬਾਰ ਸਾਈਂ
ਅਮਨਚੈਨ ਸੇਤੀ ਰਹੇ ਰਾਜ ਤੇਰਾ ਚੜ੍ਹਕੇ ਜੋ ਆਵੇ ਜਾਵੇ ਹਾਰ ਸਾਈਂ
ਮੰਗੇ ਜੋ ਮੁਰਾਦ ਸੋ ਰੱਬ ਦੇਵੇ ਬਖ਼ਸ਼ਣ ਹਾਰ ਸਾਈਂ ਦੇਵਣ ਹਾਰ ਸਾਈਂ
ਅਟਕੇ ਕੰਮ ਹੋ ਜਾਣ ਆਸਾਨ ਤੇਰੇ ਦੀਨ ਦੁਨੀ ਹੋਵਨ ਬੇੜੇ ਪਾਰ ਸਾਈਂ
ਰਹੇ ਤੰਦਰੁਸਤੀ ਆਬਰੂ ਰਾਜਾ ਮੇਰਾ ਦਿੱਤੜਾ ਕੰਮ ਸਵਾਰ ਸਾਈਂ
ਰਾਜੇ ਸੀਸ ਨਿਵਾਇਕ ਟੇਕ ਮੱਥਾ ਮੋਹਰਾਂ ਦਿੱਤੀਆਂ ਬੇਸ਼ੁਮਾਰ ਸਾਈਂ
ਜਾਕੇ ਅਪਣੇ ਗੁਰਾਂ ਦਾ ਜੱਗ ਕਰਣਾ ਕਰੋ ਹੁਕਮ ਜੋ ਹੋਰ ਦਰਕਾਰ ਸਾਈਂ
ਰਾਜਾ ਕੁਝ ਪ੍ਰਵਾਹ ਨਹੀਂ ਜੋਗੀਆਂ ਨੂੰ ਵੱਡਾ ਅਸਾਂ ਸਿਰ ਚਾੜ੍ਹਿਆ ਭਾਰ ਸਾਈਂ
ਅੱਛਾ ਦੇਹ ਰੁਖ਼ਸਤ ਰਾਜਾ ਰਾਹ ਪਈਏ ਜਾਣਾ ਦੂਰ ਸਾਡਾ ਗੁਰਦਵਾਰ ਸਾਈਂ
ਲਾਹੌਰੀ ਚਲਦਿਆਂਹਆਵਾਜ਼ ਕੀਤੀ ਨਾ ਵਿਸਾਰ ਸਾਂਈਂ ਨਾ ਵਿਸਾਰਸਾਈਂ

ਜੋਗੀ ਦਾ ਹੀਰ ਦੇ ਨਾਲ ਅਪਣੇ ਦੇਸ ਨੂੰ ਜਾਣਾ

ਜੋਗੀ ਚਲਦਿਆਂ ਆਖਿਆ ਹੀਰ ਤਾਈਂ ਚੱਲ ਰੱਬ ਮਿਲਾਈਏਂ ਨੱਢੀਏ ਨੀਂ
ਮਾਰ ਮੰਜ਼ਲਾਂ ਅਪਣੇ ਦੇਸ ਜਾਈਏ ਰੱਬ ਖੇੜਿਆਂ ਦੀ ਅਲਖ ਵੱਢੀਏ ਨੀਂ
ਮਾਲਕ ਤਖ਼ਤ ਹਜ਼ਾਰੇ ਦੀ ਹੋ ਵਾਰਸ ਘਰ ਵੱਸੀਏ ਅੱਡਨਾ ਅੱਡੀਏ ਨੀਂ