ਰਾਏਕੋਟ ਵਿਚ ਬੁੱਚੜਾਂ ਦੇ ਕਤਲ ਦੇ ਸੰਬੰਧ ਵਿਚ ਗਿਆਨੀ ਰਤਨ ਸਿੰਗ ਭੀ ਫੜਿਆ ਗਿਆ ਸੀ। ਭਾਈ ਕਾਲਾ ਸਿੰਘ ਲਿਖਦਾ ਹੈ ਕਿ ਰਾਏਕੋਟ ਦੇ ਕਤਲਾਂ ਵਿਚ ਗਿਆਨੀ ਰਤਨ ਸਿੰਘ ਸ਼ਾਮਲ ਨਹੀਂ ਸੀ, ਕਾਨ੍ਹੇ ਕਮਾਲਪੁਰੀਏ ਤੇ ਦੱਲੂ (ਦੱਲ ਸਿੰਘ) ਛੀਨੀਵਾਲੀਏ ਨੇ ਝੂਠ ਮਾਰ ਕੇ ਗਿਆਨੀ ਸਿੰਘ ਨੂੰ ਫਸਾ ਦਿੱਤਾ ਸੀ। ਖੁਦ ਗਿਆਨੀ ਰਤਨ ਸਿੰਘ ਨੇ ਭੀ ਆਪਣੇ ਬਿਆਨ ਵਿਚ ਇਹ ਹੀ ਕਿਹਾ ਸੀ ਕਿ ਮੈਂ ਆਪਣੇ ਪਿੰਡ ਮੰਡੀ ਸਾਂ ਤੇ ਮੈਂ ਕਤਲਾਂ ਦੀ ਖਬਰ ਓਥੇ ਸੁਣੀ ਸੀ। ਪਰ ਅੰਤ ਅਦਾਲਤ ਨੇ ਗਿਆਨੀ ਸਿੰਘ ਨੂੰ ਦੋਸ਼ੀ ਠਹਿਰਾ ਕੇ ਫਾਂਸੀ ਦੀ ਸਜ਼ਾ ਦੇ ਦਿੱਤੀ। ਕੂਕੇ ਚੂੰਕਿ ਗਿਆਨੀ ਰਤਨ ਸਿੰਘ ਨੂੰ ਨਿਰਦੋਸ਼ ਸਮਝਦੇ ਸਨ ਅਤੇ ਸਕਰੌਦੀ ਵਾਲੇ ਸਰਦਾਰ ਹੀਰਾ ਸਿੰਘ ਤੇ ਲਹਿਣਾ ਸਿੰਘ ਉਸ ਦੇ ਖਾਸ ਸ਼ਰਧਾਲੂ ਸਨ, ਇਸ ਲਈ ਉਨ੍ਹਾਂ ਦੇ ਦਿਲ ਵਿਚ ਬਦਲੇ ਦੀ ਅੱਗ ਭੜਕ ਉੱਠੀ ਤੇ ਅੰਤ ਇਸ ਦੇ ਭਾਂਬੜਾਂ ਨਾਲ ਮਲੌਦ ਤੇ ਮਲੇਰ ਕੋਟਲੇ ਵਿਚ ਕਈਆਂ ਦੇ ਝੁੱਗੇ ਸੜ ਕੇ ਖਾਕ ਸਿਆਹ ਹੋ ਗਏ।*
*ਬਿਆਨ ਭਾਈ ਰਾਮ ਸਿੰਘ, ਰੂਬਰੂ ਮਿਸਟਰ ਵੀ. ਡੀ. ਫ਼ੋਰਸਾਈਥ, ਕਮਿਸ਼ਨਰ ਅੰਬਾਲਾ, ੧੮ ਜਨਵਰੀ ਸੰਨ ੧੮੭੨; ਬਿਆਨ ਗਿਆਨੀ ਰਤਨ ਸਿੰਘ, ਰੂਬਰੂ ਮਿਸਟਰ ਐਲ. ਕਾਵਨ ਮੈਜਿਸਟਰੇਟ, ੨੧ ਸਤੰਬਰ ੧੮੭੧; ਬਿਆਨ ਗੰਗਾ ਪ੍ਰਸ਼ਾਦ ਈ.ਏ.ਸੀ., ਕਾਲਾ ਸਿੰਘ, ‘ਸਿੰਘਾਂ ਨਾਮਧਾਰੀਆਂ ਦਾ ਸ਼ਹੀਦ ਬਿਲਾਸ’ , ੩੮-੫੩।
ਭਾਈ ਕਾਲਾ ਸਿੰਘ ਦੀ ਲਿਖਤ ਤੋਂ ਪ੍ਰਤੀਤ ਹੁੰਦਾ ਹੈ ਕਿ ਰਤਨ ਸਿੰਘ ਨਾਈਵਾਲੀਆ ਭੀ ਗਿਆਨੀ ਸਿੰਘ ਦੇ ਨਾਲ ਹੀ ਫਾਂਸੀ ਲੱਗਾ ਸੀ, ਪਰ ਮੁਕੱਦਮੇਂ ਦੇ ਕਾਗਜ਼ ਨਾ ਮਿਲ ਸਕਣ ਕਰਕੇ ਇਨ੍ਹਾਂ ਦਾ ਵੇਰਵੇ ਸਹਿਤ ਹਾਲ ਨਹੀਂ ਦਿਤਾ ਜਾ ਸਕਿਆ।