ਪੰਨਾ:ਕੂਕਿਆਂ ਦੀ ਵਿਥਿਆ.pdf/165

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਭੇਣੀ ਵਿਚ ਮਾਘੀ ਦਾ ਮੇਲਾ

੧੬੧

ਗੰਗਾ ਪ੍ਰਸਾਦਿ ਈ.ਏ.ਸੀ. ਭੀ ਭਾਈ ਰਾਮ ਸਿੰਘ ਦੀ ਗਵਾਹੀ ਦੀ ਪੁਸ਼ਟੀ ਕਰਦਾ ਹੋਇਆ ਕਹਿੰਦਾ ਹੈ ਕਿ ਸਰਦਾਰ ਲਹਿਣਾ ਸਿੰਘ ਤੇ ਹੀਰਾ ਸਿੰਘ ਇਸ ਗੱਲ ਲਈ ਤਿਆਰ ਹੋ ਕੇ ਆਏ ਸਨ ਕਿ ਭਾਈ ਰਾਮ ਸਿੰਘ ਨੂੰ ਇਸ ਕਾਰੇ ਦੀ ਆਗਿਆ ਦੇਣ ਅਤੇ ਇਸ ਦੇ ਮੋਹਰੀ ਬਣਨ ਲਈ ਮਜਬੂਰ ਕਰਨਗੇ ਅਤੇ ਇਸ ਗੱਲ ਵਿਚ ਭੀ ਸ਼ੱਕ ਨਹੀਂ ਸੀ ਕਿ ਜੇ ਭਾਈ ਰਾਮ ਸਿੰਘ ਇਨ੍ਹਾਂ ਨਾਲ ਸ਼ਾਮਲ ਨਾ ਹੋਵੇ ਤਾਂ ਉਹ ਉਨ੍ਹਾਂ (ਭਾਈ ਰਾਮ ਸਿੰਘ) ਨੂੰ ਕਤਲ ਕਰ ਦੇਣ ਤਕ ਦੀ ਧਮਕੀ ਦੇਣਗੇ।

ਪ੍ਰਸ਼ਾਦਿ ਛਕ ਲੈਣ ਪਿੱਛੋਂ ਮਸਤਾਨਿਆਂ ਦਾ ਜਥਾ ਸਰਦਾਰ ਹੀਰਾ ਸਿੰਘ ਤੇ ਲਹਿਣਾ ਸਿੰਘ ਦੀ ਅਗਵਾਈ ਹੇਠਾਂ ਭੈਣੀ ਤੋਂ ਮਲੇਰ ਕੋਟਲੇ ਨੂੰ ਚਾਲੇ ਪਾਉਣ ਲਈ ਤਿਆਰ ਹੋ ਪਿਆ। ਮਲੌਦ ਅਤੇ ਮਲੇਰ ਕੋਟਲੇ ਦੇ ਕਤਲਾਂ ਦੇ ਮੁਕੱਦਮਿਆਂ ਵਿਚ ਹੋਈਆਂ ਕੁਝ ਗਵਾਹੀਆਂ ਤੋਂ ਪਤਾ ਚਲਦਾ ਹੈ ਕਿ ਤੁਰਨ ਵੇਲੇ ਮਸਤਾਨਿਆਂ ਨੇ ਸੂਬਾ ਲੱਖਾ ਸਿੰਘ ਤੇ ਸੂਬਾ ਹਰਨਾਮ ਸਿੰਘ (ਗਿਆਨੀ ਰਤਨ ਸਿੰਘ ਦੇ ਭਰਾ) ਨੂੰ ਕਿਹਾ ਕਿ ਆਓ ਸਾਡੇ ਨਾਲ ਚੱਲੋ। ਇਨ੍ਹਾਂ ਨੇ ਉੱਤਰ ਵਿਚ ਮਸਤਾਨਿਆਂ ਨੂੰ ਕਿਹਾ ਸੀ ਕਿ ਤੁਸੀਂ ਚਲੋ ਅਸੀਂ ਭੀ ਆਉਂਦੇ ਹਾਂ। ਹੋ ਸਕਦਾ ਹੈ ਆਪਣਾ ਪਿੱਛਾ ਛੁਡਾਉਣ ਲਈ ਇਨ੍ਹਾਂ ਨੇ ਇਹ ਕਹਿ ਭੀ ਛੱਡਿਆ ਹੋਵੇ।

ਦੋ ਵਜੇ ਬਾਦ ਦੁਪਹਿਰੋਂ ਮਸਤਾਨਿਆਂ ਦੇ ਜਥੇ ਨੇ ਭੈਣੀ ਤੋਂ ਚਾਲੇ ਪਾਏ ਅਤੇ ਜਾਂਦੀ ਵਾਰੀ ਆਪਣੀਆਂ ਰਜ਼ਾਈਆਂ ਨੂੰ ਅੱਗ ਲਾ ਗਏ।