ਉਸੇ ਸ਼ਾਮ ਨੂੰ ਮਿਸਟਰ ਫ਼ੋਰਸਾਈਥ ਨੇ ਕੋਟਲੇ ਵਿਚ ਦਰਬਾਰ ਕੀਤਾ ਤੇ ਕਾਵਨ ਦੀ ਸਫ਼ਾਰਿਸ਼ ਅਨੁਸਾਰ ਹੇਠ ਲਿਖੇ ਆਦਮੀਆਂ ਨੂੰ ਕੂਕਿਆਂ ਦੇ ਜੱਥੇ ਨੂੰ ਫੜਨ ਤੇ ਉਸ ਵਿਚ ਸਹਾਇਤਾ ਦੇਣ ਦੀ ਸ਼ਲਾਘਾ ਯੋਗ ਸੇਵਾ ਬਦਲੇ ਕੋਟਲੇ ਦੇ ਖ਼ਜ਼ਾਨੇ ਵਿਚੋਂ ਇਨਾਮ ਵੰਡੇ ਅਤੇ ਮਲੇਰ ਕੋਟਲੇ ਦੇ ਨਾਜ਼ਮ ਨੂੰ ਹਿਦਾਇਤ ਦਿੱਤੀ ਕਿ ਕੋਟਲੇ ਦੇ ਹੱਲੇ ਵਿਚ ਜਾਨਾਂ ਦੇ ਕੇ ਰਿਆਸਤ ਦੀ ਜਾਇਦਾਦ ਦੀ ਰੱਖਿਆ ਕਰਨ ਵਾਲੇ ਕੋਤਵਾਲ ਅਹਿਮਦ ਖਾਨ ਅਤੇ ਦੂਸਰਿਆਂ ਦੇ ਟੱਬਰਾਂ ਲਈ ਯੋਗ ਪ੍ਰਬੰਧ ਕਰੇ।
ਇਸੇ ਦਰਬਾਰ ਵਿਚ ਉਸੇ ਵੇਲੇ ਰਿਆਸਤ ਮਲੇਰ ਕੋਟਲਾ ਵਲੋਂ ਮਹਾਰਾਜਾ ਸਾਹਿਬ ਪਟਿਆਲਾ ਤੇ ਰਾਜਾ ਸਾਹਿਬਾਨ ਜੀਂਦ ਤੇ ਨਾਭਾ ਦੇ ਨਾਮ ਧੰਨਵਾਦ-ਪੱਤ੍ਰ ਉਨ੍ਹਾਂ ਦੇ ਵਕੀਲਾਂ ਨੂੰ ਦਿੱਤੇ ਗਏ।
ਇਸ ਤਰ੍ਹਾਂ ੧੮ ਜਨਵਰੀ ੧੮੭੨ ਦੀ ਸ਼ਾਮ ਨੂੰ ਮਲੇਰ ਕੋਟਲੇ ਦਾ ਖ਼ੂਨੀ ਕਾਂਡ ਸਮਾਪਤ ਹੋਇਆ।
੧੯ ਜਨਵਰੀ ਦੀ ਸਵੇਰੇ ਕਮਿਸ਼ਨਰ ਮਿਸਟਰ ਟੀ. ਡੀ. ਫ਼ੋਰਸਾਈਥ, ਡਿਪਟੀ ਕਮਿਸ਼ਨਰ ਐਲ. ਕਾਵਨ, ਡਿਸਟ੍ਰਿਕਟ ਸੁਪਿਰਿੰਟੈਂਡੈਂਟ ਪੁਲੀਸ ਲੈਫ਼ਟਿਨੈਂਟ ਕਰਨਲ ਈ. ਐਨ. ਪਰਕਿਨਜ਼, ਰਿਸਾਲੇ ਦਾ ਅਫ਼ਸਰ ਕਰਨਲ ਗੌਫ਼ ਤੇ ਹੋਰ ਸਾਥੀ ਮਲੇਰ ਕੋਟਲਿਓਂ ਮਲੌਦ ਆ ਗਏ।