ਮਾਈ ਭਜਨ ਕਰਿਆ ਕਰਿ। ਭਜਨ ਤੇ ਬਿਨਾ ਤਾਂ ਰੋਗ ਸੋਗ ਲਗੇ ਰਹੁੰਦੇ ਹੈਨ॥ ਹੋਰ ਜਿਮੀਂ ਦਾ ਮਾਮਲਾ ਪਈ ਦਾ ਨਾ ਦੇਣਾ, ਜਾਂ ਤਾਂ ਸਾਂਝੀ ਰਲਾ ਲੈਣੀ, ਨਾਂ ਰਲਣ ਤਾਂ ਮਾਮਲੇ ਖਰਚ ਉਤੇ ਦੇ ਦੇਣੀ ਜਮੀਨ ਕੁਝ ਬਾਧਾ ਮਿਲੇ, ਬਾਧਾ ਨਾ ਮਿਲੇ ਤਾਂ ਸਰਕਾਰੀ ਮਾਮਲੇ ਉਤੇ ਦੇ ਦੇਣੀ॥ ਜੇ ਬਟਾਈ ਮੇਂ ਨਫਾ ਹੋਵੇ ਤਾਂ ਬਟਾਈ ਉਤੇ ਦੇਣੀ, ਅਛੇ ਭਲੇ ਮਾਨਸ ਨੂੰ ਜਿਹੜੇ ਬਈਮਾਨੀ ਨਾ ਕਰਨ। ਦੇਖਣਾਂ ਪਈ ਜਮੀਨ ਦਾ ਮਾਮਲਾ ਨ ਦੇਣਾ। ਜੇ ਸੀਰੀ ਰਲੇ ਤਾਂ ਅਛਾ ਹੈ। ਆਪਣੇ ਵਲੋਂ ਜਰਾ ਸੀਰੀ ਨਾਲ ਨਰਮਾਈ ਰਖੋਗੇ ਤਾਂ ਸੀਰੀ ਕੰਮ ਭੀ ਅਛਾ ਕਰਨਗੇ। ਹੋਰ ਦੋਹਾਂ ਭਾਈਆਂ ਮੈ ਤੇ ਜਹਾਂ ਸਾਧ ਸੰਗਤ ਦਾ ਜੋੜ ਮੇਲਾ ਹੋਵੇ ਊਹਾ ਭੀ ਜਾਣਾਂ ਜਰੂਰ। ਦੋਹਾਂ ਤੇ ਨਾ ਜਾਇ ਹੋਏ ਤਾਂ ਇਕ ਜਣਾ ਹੀ ਜਾਵੇ। ਹੋਰ ਕਿਆ ਲਿਖੀਯੇ, ਬਹੁਤ ਲਿਖਾ ਹੈ, ਅਗੇ ਤੁਸੀਂ ਮੰਨਣ ਬਾਲੇ ਜਾਣੋ॥ ਹੋਰ ਭਾਈ ਖੇਤੀ ਦਾ ਕੰਮ ਭੀ ਤਕੜੇ ਹੋ ਕੇ ਕਰਨਾਂ ਅਰ ਦੋਹਾਂ ਭਾਈਆਂ ਨੇ ਆਪਸ ਮੇਂ ਅਛੀ ਤਰਹ ਮਿਲ ਕੇ ਰਹਿਣਾਂ ਕਠੇ, ਕਿਤੇ ਜੁਦੇ ੨ ਨਾ ਹੋਇ ਜਾਣਾ, ਤੀਮੀਂ ਤਲੀਆ ਦੇ ਆਖੇ॥ ਅਰ ਦਿਆਲ ਸਿੰਘ ਜੇ ਕੰਮ ਕਾਰ ਤੇ ਬੇਲ ਲਗੇ ਤਾਂ ਭਜਨ ਬਾਣੀ ਕਰਨਾ, ਲੋਕਾਂ ਨਾਲ ਮਗਜ ਨਹੀਂ ਮਾਰਨਾ॥ ਅਰ ਨਮੇ ਗਰਾਇ ਵਾਲਿਆਂ ਦੇ ਝਗੜੇ ਦੀ ਬੀ ਖਬਰ ਲਿਖਣੀ ਜਦ ਕੋਈ ਹੋਰ ਸਿੰਘ ਆਵੇ ਸਾਡੀ ਬਲ, ਕਿਸ ਤਰਹ ਮੁਕਦਮਾ ਨਿਬੜਾ॥ ਇਹ ਅਰਦਾਸ ਦੇਣੀਂ ਰੁੜਕੀ ਅੰਬਾਲੇ ਉਤ੍ਰ ਕੇ॥੨੭॥
ਭਾਈ ਸੁਵੇਗ ਸਿੰਘ ਤੇ ਜੀਵਨ ਸਿੰਘ ਜੀ ਤੁਸਾਂ ਦਾ ਧਨ ਜਨਮ ਹੈ ਜੋ ਤੁਸੀਂ ਸਾਨੂੰ ਐਤਨੀ ਦੂਰ ਸਮੁੰਦਰੋਂ ਪਾਰ ਚਲ ਕੇ ਦਰਸ਼ਨ ਦਿਤੇ, ਨਾਲੇ ਪਦਾਰਥ ਦੀਆ, ਇਹ ਕੰਮ ਹਰ ਕਿਸੇ ਤੇ ਨਹੀ ਹੋ ਸਕਦਾ।