ਪੰਨਾ:ਕੂਕਿਆਂ ਦੀ ਵਿਥਿਆ.pdf/66

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੬੨
ਕੂਕਿਆਂ ਦੀ ਵਿਥਿਆ

ਇਸ ਲਈ ਮੌਜੂਦਾ ਹਾਲਾਤ ਵਿਚ ਭਾਈ ਰਾਮ ਸਿੰਘ ਤੇ ਉਸ ਦੇ ਸੰਗੀਆਂ ਨੂੰ ਪੈਦਾ ਹੋਣ ਵਾਲੇ ਚਿੰਤਾਦਾਇਕ ਨਤੀਜਿਆਂ ਤੋਂ ਤਾੜਨਾ ਕੀਤੀ ਜਾਏ ਤੇ ਉਨ੍ਹਾਂ ਦੇ ਨਾਮ ਹੁਕਮ ਜਾਰੀ ਕੀਤੇ ਜਾਣ ਕਿ ਓਹ ਅੰਮ੍ਰਿਤਸਰ ਵਿਚ ਦੀਵਾਲੀ ਦੇ ਮੌਕੇ ਕੋਈ ਇਕੱਠ ਨਾ ਕਰਨ। ਇਸ ਤਾੜਨਾ ਤੋਂ ਬਾਦ ਭੀ ਜੇ ਕੂਕੇ ਦੀਵਾਨ ਬੰਦ ਨਾ ਕਰਨ ਅਤੇ ਕੋਈ ਫਸਾਦ ਖੜਾ ਹੋ ਜਾਏ ਤਾਂ ਇਸ ਦੀ ਜ਼ੁਮੇਂਵਾਰੀ ਭਾਈ ਰਾਮ ਸਿੰਘ ਤੇ ਉਸ ਦੇ ਚੇਲਿਆਂ ਦੇ ਸਿਰ ਹੋਵੇਗੀ ਤੇ ਅਮਨ ਭੰਗ ਕਰਨ ਲਈ ਉਨ੍ਹਾਂ ਤੇ ਮੁਕੱਦਮਾਂ ਚਲਾਇਆ ਜਾਵੇ।

ਭਾਈ ਰਾਮ ਸਿੰਘ ਨੂੰ ਉਸ ਦੇ ਪਿੰਡ ਵਿਚ ਨਜ਼ਰ ਬੰਦ ਕਰ ਦਿੱਤਾ ਜਾਏ ਦੇ ਪੋਲੀਸ ਉਸ ਦੀਆਂ ਸਰਗਰਮੀਆਂ ਤੇ ਨਜ਼ਰ ਰੱਖੇ ਤੇ ਰੀਪੋਰਟ ਕਰਦੀ ਰਹੇ।*

ਭਾਈ ਰਾਮ ਸਿੰਘ ਆਪਣੇ ਪਰ ਇਸ ਬੰਦਸ਼ ਨੂੰ ਲੋਕਾਂ ਵਲੋਂ ਕੀਤੀਆਂ ਗਈਆਂ ਸ਼ਕਾਇਤਾਂ ਦੇ ਅਧਾਰ ਤੇ ਲਾਇਆ ਗਿਆ ਸਮਝਦੇ ਸਨ ਤੇ ਚਾਹੁੰਦੇ ਸਨ ਕਿ ਕਿਸੇ ਤਰ੍ਹਾਂ ਇਸ ਤੋਂ ਖ਼ਲਾਸੀ ਹੋ ਜਾਏ ਤਾਂ ਕਿ ਉਹ ਖੁਲ੍ਹੇ ਰਹਿ ਕੇ ਆਪਣਾ ਪ੍ਰਚਾਰ ਜਾਰੀ ਰਖ ਸਕਣ। ਇਸ ਦਾ ਜ਼ਿਕਰ ਉਨਾਂ ਨੇ ਭਾਈ ਬਾਲਕ ਸਿੰਘ ਦੇ ਨਾਮ-ਦਾਤਾ ਸਾਂਈ ਸਾਹਿਬ ਭਗਤ ਜਵਾਹਰ ਮਲ ਦੇ ਪੁਤ੍ਰ ਭਾਈ ਸਾਹਿਬ ਭਗਤ ਹੀਰਾ ਨੰਦ ਦੇ ਨਾਮ ਅਸੂ ੧੯੨੨ ਬਿਕ੍ਰਮੀ [ਸਤੰਬਰ-ਅਕਤੂਬਰ ੧੮੬੫ ਈ:] ਦੀ ਹੇਠ ਲਿਖੀ ਪੱਤ੍ਰਕਾ ਵਿਚ ਕੀਤਾ ਹੈ।

ਲਿਖਤੁਮ ਦਾਸਨ ਦਾਸ ਰਾਮ ਸਿੰਘ

ਸਰਬ ਉਪਮਾ ਜੋਗ ਸਰਬ ਗੁਣ ਨਿਧਾਨ ਦੀਨਾ ਉਪਰ ਦਿਆਲ ਪਰ-ਉਪਕਾਰੀ, ਹਿਤਕਾਰੀ ਗੁਰ ਸਬਦ ਕੇ, ਜੋਗ ਉਪਮਾ


* ਟੀ ਡੀ. ਫੋਰਸਾਈਬ ਸਕੱਤ੍ਰ ਸਰਕਾਰ ਪੰਜਾਬ, ੩੦ ਜੂਨ, ੧੮੬੩॥