ਪੰਨਾ:ਕੂਕਿਆਂ ਦੀ ਵਿਥਿਆ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੭੪

ਕੂਕਿਆਂ ਦੀ ਵਿਥਿਆ

ਦਸ ਸਪਾਹੀ ਜਾਲੰਧਰੋਂ ਤੇ ਇਕ ਇੰਸਪੈਕਟਰ, ਇਕ ਡਿਪਟੀ ਇੰਸਪੈਕਟਰ, ਤੇ ੫੦ ਸਪਾਹੀ ਹੁਸ਼ਿਆਰਪੁਰੋਂ ਨਾਲ ਲੈ ਲਏ। ਇਹ ਸਾਰੇ ਸਪਾਹੀ ਮੁਸਲਮਾਨ ਤੇ ਹਿੰਦੂ-ਰਾਜਪੂਤ ਸਨ। ਸ਼ੇਰ-ਦਿਲ ਰੈਜਮੈਂਟ ਦਾ ਪੁਰਾਣਾ ਕਮਾਨ-ਅਫਸਰ ਸਰਦਾਰ ਬਹਾਦੁਰ ਅਤਰ ਸਿੰਘ, ਕੁਤਬ ਸ਼ਾਹ ਇੰਸਪੈਕਟਰ ਫੀਰੋਜ਼ਪੁਰ, ਤੇ ਫਤਿਹਦੀਨ ਖਾਨ ਇੰਸਪੈਕਟਰ ਅੰਮ੍ਰਿਤਸਰ ਭੀ ਉਸ ਦੇ ਨਾਲ ਸਨ।

ਹੁਸ਼ਿਆਰਪੁਰ ਦੇ ਅਸਿਸਟੈਂਟ ਸੁਪ੍ਰਿੰਟੈਂਡੈਂਟ ਪੁਲੀਸ ਮਿਸਟਰ ਹੈਂਚਲ ਸਮੇਤ ਕਰਨਲ ਮੈਕਐਂਡਰੀਉ ੧੭ ਮਾਰਚ ਦੀ ਸਵੇਰੇ ਆਨੰਦਪੁਰ ਪੁੱਜਾ ਤੇ ਰਸਤੇ ਤੋਂ ਇਕ ਪਾਸੇ ਕੇਸਗੜ੍ਹ ਗੁਰਦਵਾਰੇ ਤੋਂ ਥੋੜ੍ਹੀ ਦੂਰ ਹੀ ਆਪਣਾ ਤੰਬੂ ਲਾਇਆ। ਇਹ ਫੈਸਲਾ ਕਰ ਕੇ ਕਿ ਪੁਲੀਸ ਸਿਪਾਹੀ, ਜਿੱਥੇ ਤਕ ਹੋ ਸਕੇ, ਮੇਲੇ ਦੀ ਨਜ਼ਰੋਂ ਓਹਲੇ ਹੀ ਰਖੇ ਜਾਣ, ਕਰਨਲ ਮੈਕਐਂਡਰੀਉ ਨੇ ਅਫ਼ਸਰਾਂ ਦੀ ਸਹਾਇਤਾ ਨਾਲ ਪ੍ਰਬੰਧ ਕਰਨਾ ਸ਼ੁਰੂ ਕੀਤਾ।

੧੮ ਮਾਰਚ ਨੂੰ ਮਿਸਟਰ ਪਰਕਿਨਜ਼ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਭੀ ਆਨੰਦਪੁਰ ਪੁਜ ਗਿਆ ਤੇ ਕਰਨਲ ਮੈਕਐਂਡਰੀਊ ਤੇ ਪਰਕਿਨਜ਼ ਕੇਸਗੜ੍ਹ ਦੇ ਮਹੰਤ ਭਾਈ ਹਰੀ ਸਿੰਘ ਨੂੰ ਮਿਲਣ ਲਈ ਗਏ ਤਾਕਿ ਕਿ ਪਤਾ ਕੀਤਾ ਜਾਏ ਕਿ ਭਾਈ ਰਾਮ ਸਿੰਘ ਦੇ ਆਨੰਦਪੁਰ ਆਉਣ ਸੰਬੰਧੀ ਉਨ੍ਹਾਂ ਦਾ ਕੀ ਖਿਆਲ ਹੈ। ਭਾਈ ਹਰੀ ਸਿੰਘ ਇਸ ਗੱਲ ਦੇ ਸਖਤ ਵਿਰੋਧੀ ਸਨ ਕਿ ਕੂਕਿਆਂ ਨੂੰ ਆਗਿਆ ਦਿੱਤੀ ਜਾਏ, ਤੇ ਚਾਹੁੰਦੇ ਸਨ ਕਿ ਸਰਕਾਰ ਕੂਕਿਆਂ ਨੂੰ ਰੋਕਣ ਦਾ ਪ੍ਰਬੰਧ ਕਰੇ। ਪਰ ਭਾਈ ਰਾਮ ਸਿੰਘ ਲਾਟ ਸਾਹਿਬ ਦੀ ਆਗਿਆ ਨਾਲ ਆ ਰਹੇ ਸਨ। ਅੰਗਰੇਜ਼ ਅਫਸਰਾਂ ਨੇ ਮਹੰਤ ਭਾਈ ਹਰੀ ਸਿੰਘ ਨੂੰ ਸਮਝਾਇਆ ਕਿ ਗੁਰਦਵਾਰੇ ਹਰ ਖਿਆਲ ਦੇ ਸਿਖਾਂ ਤੇ ਹਿੰਦੂਆਂ ਨੂੰ ਜਾਣ ਦੀ ਖੁਲ੍ਹ ਹੈ ਇਸ ਲਈ ਸਰਕਾਰ ਪਾਸ ਕੋਈ ਵਜਾ ਨਹੀਂ ਕਿ ਓਹ ਕੂਕਿਆਂ ਨੂੰ ਰੋਕੇ। ਬਹੁਤ ਕੁਝ ਗੱਲ-ਬਾਤ ਦੇ ਬਾਦ ਮਹੰਤ ਹਰੀ