ਪੰਨਾ:ਕੇਸਰ ਕਿਆਰੀ.pdf/111

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੭. ਨਾਰੀ.

(ਕਾਲੰਗੜਾ)

੧. ਮੇਰੀਏ ਪ੍ਰੇਮ-ਚਮਨ ਦੀਏ ਮਾਲਣੇ !
ਮੇਰੀਏ ਧੁਰ ਦੀਏ ਮਹਰਮ ਹਾਲਣੇ !
ਦੁਖ-ਸੁਖ ਦੀਏ ਭਾਈਵਾਲਣੇ !
ਤੂੰ ਤਾਂ ਪੁਤਲੀ ਏਂ ਰਬ ਦੇ ਪਿਆਰ ਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

੨. ਜਦੋਂ ਕੁਦਰਤ ਖੇਲ ਰਚਾਇਆ,
ਮੈਨੂੰ ਤੇਰਾ ਹੀ ਸਾਥ ਮਿਲਾਇਆ,
ਤੂੰਹੇਂ ਆਣ ਕੇ ਸੁੰਞ ਹਟਾਇਆ,
ਤੂੰਹੇਂ ਛੇੜੀ ਤਰਬ ਸਤਾਰ ਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

੩. ਤੇਰੀ ਚਾਲ ਤੇ ਢਾਲ ਕਮਾਲ ਸੀ,
ਦੁਨੀਆਂ ਫਬਦੀ ਹੀ ਤੇਰੇ ਨਾਲ ਸੀ,
ਅੱਖੀਂ ਨੂਰ ਤੇ ਮੂੰਹ ਤੇ ਜਲਾਲ ਸੀ,
ਅੰਦਰ ਪ੍ਰੀਤ ਸੀ ਠਾਠਾਂ ਮਾਰਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

੪. ਜਾਂ ਤੂੰ ਹੱਸੀਓਂ ਤਾਂ ਜਗ ਹੱਸਿਆ,
ਜਾਂ ਤੂੰ ਵੱਸੀਓਂ ਤਾਂ ਜਗ ਰਸਿਆ,
ਤੂੰਹੇਂ ਭੇਦ ਖ਼ੁਸ਼ੀ ਦਾ ਦੱਸਿਆ,
ਤੂੰਹੇਂ ਖੋਲ੍ਹੀ ਗੰਢ ਪਿਆਰ ਦੀ,
ਨੀ ਮੈਂ ਸਾਰ ਨ ਸਮਝੀ ਨਾਰ ਦੀ

-੮੦-