ਪੰਨਾ:ਕੇਸਰ ਕਿਆਰੀ.pdf/140

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਿਊਂ ਭਿਊਂ ਨਚੋੜਾਂ,
ਸਰਪੱਲੂ ਦੀਆਂ ਕੰਨੀਆਂ,
ਭਰ ਭਰ ਕੇ ਡੁਲ੍ਹਦਿਆਂ-
ਨੈਣਾਂ ਦੀ ਧਾਰ ।

ਆਸਾਂ ਉਮੈਦਾਂ ਦੀਆਂ
ਕਲੀਆਂ ਕੁਮਲਾ ਗਈਆਂ,
ਟੁਟ ਟੁਟ ਪੈਂਦੀ ਏ
ਸਾਸਾਂ ਦੀ ਤਾਰ ।

੩. ਆਖੀਂ-
ਪਰਦੇਸਾਂ ਦੀ ਖੱਟੀ ਕੀ ਕਰਨੀ ਏ ?
ਜਿੰਦੜੀ ਜੇ ਨਿਕਲ ਗਈ
ਹੌਕਿਆਂ ਨਾਲ ।

ਗਰਮੀ ਵੀ ਗੁਜ਼ਰੀ
ਬਰਸਾਤਾਂ ਵੀ ਬੀਤੀਆਂ,
ਸੁੱਖਣਾਂ ਸੁਖਦਿਆਂ
ਆਇਆ ਸਿਆਲ ।

ਠੰਢੀਆਂ, ਸੁੰਞੀਆਂ
ਲੰਮੀਆਂ ਰਾਤਾਂ ਨੇਂ,
ਅੱਖਾਂ ਵਿਚ ਕੱਟਣੀਆਂ
ਹੋਈਆਂ ਮੁਹਾਲ ।

ਕੌਲਾਂ ਦਿਆ ਕੱਚਿਆ !
ਕਾਹਨੂੰ ਤੜਫਾਨਾ ਏਂ ?
ਕੁਸਦੇ ਕਲੇਜੇ ਨੂੰ-
ਆ ਕੇ ਸੰਭਾਲ ।

-੧੦੯-