ਪੰਨਾ:ਕੇਸਰ ਕਿਆਰੀ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੨. ਪਿਆਰੀ ਦੀ ਯਾਦ.

(ਇਕ ਪਰਦੇਸੀ ਦੇ ਦਿਲ ਦੀ ਹਾਲਤ)

੧. ਮੇਰੇ ਦਿਲ ਦੀਆਂ ਸੁੰਞੀਆਂ ਵਾਦੀਆਂ ਵਿਚ,
ਜੀਵਨ-ਜੋਤ ਵਾਂਗਰ ਵੱਸਣ ਵਾਲੀਏ ਨੀ !
ਫ਼ਿਕਰਾਂ ਗ਼ਮਾਂ ਦੀਆਂ ਕਾਲੀਆਂ ਘਟਾਂ ਅੰਦਰ,
ਬਿਜਲੀ ਵਾਂਗ ਖਿੜ ਖਿੜ ਹੱਸਣ ਵਾਲੀਏ ਨੀ !
ਸੋਚ-ਸਾਗਰਾਂ ਦੀਆਂ ਡੂੰਘਾਈਆਂ ਨੂੰ,
ਮਛਲੀ ਵਾਂਗ ਮਿਣ ਮਿਣ ਦੱਸਣ ਵਾਲੀਏ ਨੀ !
ਚੰਚਲ ਚਿੱਤ ਦੀਆਂ ਸ਼ੋਖ਼ ਮੂੰਹਜ਼ੋਰੀਆਂ ਨੂੰ,
ਪ੍ਰੇਮ-ਬੰਨ੍ਹਣਾਂ ਵਿਚ ਕੱਸਣ ਵਾਲੀਏ ਨੀ !

ਜਦ ਇਕਾਂਤ ਦੀਆਂ ਉੱਚੀਆਂ ਚੋਟੀਆਂ ਤੇ,
ਨਗ਼ਮੇ ਛਿੜਨ ਸ਼ੀਰੀਂ ਤੇਰੀ ਯਾਦ ਵਾਲੇ,
ਪੁੰਗਰ ਪੈਣ ਉਮੰਗਾਂ ਦੇ ਖ਼ੁਸ਼ਕ ਬੂਟੇ,
ਆਉਣ ਜੋਸ਼ ਵਿਚ ਵਹਿਣ ਫ਼ਰਿਹਾਦ ਵਾਲੇ ।

੨. ਤੇਰੇ ਛੁਲਕਦੇ ਸ਼ਰਬਤੀ ਛੰਨਿਆਂ ਚੋਂ,
ਪੀ ਪੀ ਪ੍ਰੇਮ-ਤਾੜੀ ਸਿਰ ਹਿਲਾਣ ਵਾਲਾ,
ਤੇਰਾ ਫੁੱਲ ਵਰਗਾ ਚਿਹਰਾ ਦਿਸਦਿਆਂ ਹੀ,
ਹੌਲਾ ਫੁੱਲ ਹੋ ਕੇ ਠੰਢਕ ਪਾਣ ਵਾਲਾ,
ਭੋਲੇ ਮੂੰਹੋਂ ਮਿੱਠੇ ਮਿੱਠੇ ਬੋਲ ਸੁਣ ਕੇ,
ਅਰਸ਼ੀ ਪੀਂਘ ਚੜ੍ਹਿਆ, ਝੂਟੇ ਖਾਣ ਵਾਲਾ,
ਨਿਰਛਲ ਪਿਆਰ ਤੇਰੇ ਦੀ ਬਹਾਰ ਤਕ ਤਕ,
ਖੀਵਾ ਹੋਣ ਵਾਲਾ, ਸਦਕੇ ਜਾਣ ਵਾਲਾ,

-੧੧੦-