ਸਮੱਗਰੀ 'ਤੇ ਜਾਓ

ਪੰਨਾ:ਕੇਸਰ ਕਿਆਰੀ.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੧. ਘੁੰਡ ਵਾਲਿਓ !

(ਗੀਤ)

ਜ਼ਰਾ ਨਿਗਹ ਭੁਆਓ ਜੀ !
ਤੁਸੀਂ ਕਿਉਂ ਨਹੀਂ ਘੁੰਡ ਉਤਾਰਦੇ ?
ਹੋਰ ਕੁਝ ਨਹੀਂ ਚਾਹੀਦਾ,
ਤਾਲਿਬ ਹਾਂ ਇਕ ਝਲਕਾਰ ਦੇ । ਜ਼ਰਾ…

੧. ਸੁਪਨਿਆਂ ਦਾ ਸੰਸਾਰ ਵਸਾ ਕੇ,
ਅਸਾਂ ਜੀਉਂਦੀ ਰੱਖੀ ਆਸਾ,
ਦਿਲ ਦੀ ਤਾਂਘ ਲਟਕਦੀ ਰਹਿ ਗਈ,
ਤੁਸੀਂ ਲੰਘ ਗਏ ਦੇ ਕੇ ਪਾਸਾ,
ਏਨ੍ਹਾਂ ਸੁਕਦੀਆਂ ਸੱਧਰਾਂ ਤੇ,
ਤੁਸੀਂ ਝਾਤੀ ਤੇ ਇਕ ਮਾਰਦੇ । ਜ਼ਰਾ…

੨. ਹਰਜਾਈਆਂ ਦੀ ਰੀਤ ਨਿਆਰੀ,
ਜੇੜ੍ਹੇ ਥਾਂ ਬਦਲਾਂਦੇ ਰਹਿੰਦੇ,
ਸਾਡੇ ਕੋਲ ਜਿ ਇਕ ਪਲ ਬਹਿੰਦੇ,
ਅਸੀਂ ਉਜੜੇ ਭੀ ਵਸ ਪੈਂਦੇ,
ਕੁਝ ਦੁਖੜੇ ਦਸ ਲੈਂਦੇ,
ਕੁਝ ਸੁਣ ਲੈਂਦੇ ਸਰਕਾਰ ਦੇ । ਜ਼ਰਾ…

੩. ਦਿਲ ਦੀ ਘੁੰਡੀ, ਘੁੰਡ ਖਿਸਕਾ ਕੇ,
ਨਹੀਂ ਦਸਦੇ, ਨਾ ਦੱਸੋ,
ਅਸੀਂ ਤੁਹਾਡੇ ਨਾ ਸਹੀ ਕੋਈ,
ਜਮ ਜਮ ਵੱਸੋ ਰੱਸੋ,
ਪਰ ਪਾਰੋਂ ਹੀ ਤਕ ਛਡਦੇ,
ਅਸੀਂ ਕੰਢੇ ਖੜੇ ਉਰਾਰ ਦੇ । ਜ਼ਰਾ…

-੧੨੫-