ਪੰਨਾ:ਕੇਸਰ ਕਿਆਰੀ.pdf/194

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੫. ਪੜ੍ਹਾਈ ਦੇ ਵੈਦੇ, ਵਿਕਨਸੀ ਦੇ ਹਾਵੇ,
ਸਿਫ਼ਾਰਸ਼ ਦੀ ਟੋਹ, ਦਰਦੀਆਂ ਦੇ ਦਿਖਾਵੇ,
ਮੁਕੂਫ਼ੀ ਦਾ ਡਰ, ਅਫ਼ਸਰਾਂ ਦੇ ਡਰਾਵੇ,
ਰਿਡਕਸ਼ਨ ਤੇ ਛਾਂਟੀ ਦੇ ਰੌਲੇ ਅਵਾੜੇ,
ਖ਼ੁਦਾਯਾ ! ਏ ਪਾਏ ਨੀਂ ਕੀ ਕੀ ਪੁਆੜੇ ?

੬. ਫ਼ਸਾਦਾਂ ਦੇ ਘਮਸਾਨ, ਮਜ਼੍ਹਬੀ ਤਰੇੜਾਂ,
ਨਿਗੂਣੀਆਂ ਕਿਰੜਾਂ, ਨਿਕੰਮੀਆਂ ਛੇੜਾਂ,
ਚੁਆਤੀਆਂ ਚੇੜਾਂ, ਉਖੇੜਾਂ, ਦਰੇੜਾਂ,
ਭਰਾਵਾਂ ਦੇ ਝਗੜੇ, ਨਖੇੜੇ ਤੇ ਪਾੜੇ,
ਖ਼ੁਦਾਯਾ ! ਏ ਪਾਏ ਨੀਂ ਕੀ ਕੀ ਪੁਆੜੇ ?

੭. ਵਿਖਾਲੇ ਦੇ ਹੰਝੂ ਤੇ ਫ਼ਰਜ਼ੀ ਡਰਾਮੇ,
ਸੁਲਹ ਦੇ ਬਹਾਨੇ ਤੇ ਦੰਗੇ ਹੰਗਾਮੇ,
ਕਦਾਰੇ, ਮੁਕੰਦੇ, ਮਰ੍ਹਾਜੇ ਤੇ ਗਾਮੇ,
ਅਮਨ ਦੇ ਮੁਦਈਆਂ ਦੇ ਜੰਗੀ ਅਖਾੜੇ,
ਖ਼ੁਦਾਯਾ ! ਏ ਪਾਏ ਨੀਂ ਕੀ ਕੀ ਪੁਆੜੇ ?

੮. ਪੁਜਾਰੀ ਦੀ ਛੂਹ, ਮੌਲਵੀ ਦੀ ਮਲਾਮਤ,
ਹਕੂਮਤ ਦਾ ਡਰ, ਫ਼ਿਰਕੇਦਾਰੀ ਦੀ ਲਾਨਤ,
ਅਜ਼ਾਦੀ ਦੇ ਸੁਪਨੇ, ਗ਼ੁਲਾਮੀ ਦੀ ਸ਼ਾਮਤ,
ਪਰਾਈ ਪਰ੍ਹੇ ਦੁਸ਼ਮਨਾਂ ਦੇ ਦੁਗਾੜੇ,
ਖ਼ੁਦਾਯਾ ! ਏ ਪਾਏ ਨੀਂ ਕੀ ਕੀ ਪੁਆੜੇ ?

੯. ਨਮਾਇਸ਼ ਦੇ ਟਿੱਕੇ ਤੇ ਦਿਲ ਕਾਲੇ ਕਾਲੇ,
ਫ਼ਰਿਸ਼ਤੇ ਦੀ ਸੂਰਤ, ਕਸਾਈਆਂ ਦੇ ਚਾਲੇ,
ਬਗਲ ਵਿਚ ਛੁਰੀ, ਸਿਰ ਤੇ ਦੂਹਰੇ ਦਮਾਲੇ,
ਸ਼ਿਤਾਨੀ ਅਮਲ ਤੇ ਸ਼ਰਈਆਂ ਦੇ ਦਾੜ੍ਹੇ,

ਖ਼ੁਦਾਯਾ ! ਏ ਪਾਏ ਨੀਂ ਕੀ ਕੀ ਪੁਆੜੇ ?

-੧੬੩-