ਪੰਨਾ:ਕੇਸਰ ਕਿਆਰੀ.pdf/45

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦. ਸੰਭਲ ਕੇ.

(ਗ਼ਜ਼ਲ)

ਲਹੂਓ ਲੁਹਾਣ ਦਿਲ ਜੇ,
ਤਕਣਾ ! ਦੁਖਾ ਨ ਦੇਣਾ,
ਦੀਦਾਰ ਦਾ ਸਵਾਲੀ,
ਬੂਹਿਓਂ ਉਠਾ ਨ ਦੇਣਾ ।
ਇਕ ਰਾਜ਼ ਹੈ ਪੁਰਾਣਾ,
ਇਸ ਦਿਲ ਦੇ ਵਿਚ ਤੜਫਦਾ,
ਮਿਟ ਜਾਇ ਨ ਤਮੱਨਾ
ਅੰਧੇਰ ਪਾ ਨ ਦੇਣਾ ।
ਰਬ ਨੇ ਤੇ ਕਾਇਨਾਤੋਂ
ਮਹਿੰਗਾ ਸੀ ਦਿਲ ਬਣਾਇਆ,
ਵਹਿਸ਼ੀ ਜਿਹਾ ਸਮਝ ਕੇ
ਸਸਤਾ ਲੁਟਾ ਨ ਦੇਣਾ ।
ਮਰ ਮਰ ਕੇ ਉਕਰਿਆ ਹੈ,
ਨਕਸ਼ਾ ਮੁਹੱਬਤਾਂ ਦਾ,
ਪੈਰਾਂ ਦੇ ਹੇਠ ਮਲ ਕੇ,
ਇਸ ਨੂੰ ਮਿਟਾ ਨ ਦੇਣਾ ।
ਨਾਕਾਮੀਆਂ ਦੇ ਸਦਮੇ
ਸਹਿਣੋਂ ਨਹੀਂ ਮੈਂ ਡਰਦਾ,
ਵਾਅਦਾ ਵਿਸਾਲ ਦਾ ਪਰ
ਉਕੜਾ ਭੁਲਾ ਨ ਦੇਣਾ ।

-੧੪-