ਸਮੱਗਰੀ 'ਤੇ ਜਾਓ

ਪੰਨਾ:ਕੇਸਰ ਕਿਆਰੀ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੫. ਭਾਰਤ ਵਾਲੇ !

ਉਜੜੇ ਪੁਜੜੇ ਭਾਰਤ ਵਾਲੇ !
ਰਸਤੇ ਸਿਰ ਭੀ ਆਇਆ ਕਰ !
ਅਪਣੀ ਹਾਲਤ ਤੇ, ਬੇ ਕਿਰਕਾ !
ਤਰਸ ਕਦੀ ਤੇ ਖਾਇਆ ਕਰ !

ਠੇਡੇ ਖਾਂਦਿਆਂ ਧੌਲੇ ਆ ਗਏ,
ਹੁਣ ਤਾਂ ਹੋਸ਼ ਟਿਕਾਣੇ ਕਰ,
ਵਿਗੜੀ ਹੋਈ ਤਾਣੀ ਨੂੰ ਭੀ
ਬੈਠ ਕਦੀ ਸੁਲਝਾਇਆ ਕਰ !

ਘਰ ਦੀ ਲੰਕਾ ਫੂਕ ਫੁਕਾ ਕੇ,
ਹਸਨਾ ਏਂ ਬਹਿ ਰੂੜੀ ਤੇ,
ਉਜੜੀ ਖੇਪ ਸੰਭਾਲਣ ਦੀ ਭੀ
ਬਣਤਰ ਕੋਈ ਬਣਾਇਆ ਕਰ !

ਕੀ ਕੀ ਸ਼ਾਨ ਸ਼ਹਾਨਾ ਤੇਰੀ,
ਕੀ ਕਰਤੂਤ ਖਿਲਾਰੀ ਊ ?
ਦੋਸਤ ਦੁਸ਼ਮਣ ਪਰਖਣ ਦਾ ਭੀ
ਦਿਲ ਨੂੰ ਸਬਕ ਸਿਖਾਇਆ ਕਰ !

ਦੀਨ ਧਰਮ ਦੀਆਂ ਵੱਟਾਂ ਪਾ ਪਾ,
ਕੱਛਾਂ ਬੜੀਆਂ ਮਾਰੇਂ ਤੂੰ
ਫ਼ਿਰਕੇਦਾਰੀ ਨੂੰ ਫੋੜੇ ਤੇ
ਰਗੜ ਰਗੜ ਕੇ ਲਾਇਆ ਕਰ !

-੪੦-