ਸਮੱਗਰੀ 'ਤੇ ਜਾਓ

ਪੰਨਾ:ਕੇਸਰ ਕਿਆਰੀ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੯. ਕ੍ਰਿਸਾਣ ਨੂੰ.

੧. ਚੌਧਰੀ ਬਹਾਦਰਾ !
ਤੂੰ ਗੀਟੀਆਂ ਕੀ ਗਾਲਨਾ ਏਂ ?
ਕਿਹੜੇ ਦੁੱਖ ਨਾਲ ਹੈ ਬਿਤਾਲਾ ਜਿਹਾ ਤਾਲ ਤੇਰਾ ?
ਮਿਲਖਾਂ-ਜਗੀਰਾਂ ਦਿਆ ਮਾਲਕਾ !
ਤੂੰ ਲੱਕ ਬੰਨ੍ਹ,
ਢਿੱਗੀ ਕੇਹੀ ਢਾਈ ?
ਕਿੱਧਰ ਜਾ ਪਿਆ ਖ਼ਿਆਲ ਤੇਰਾ ?
ਝੂਰੇ ਤੇਰਾ ਛਿੱਤਰ, ਤੇ ਹੁੱਸੜੇ ਬਲਾ ਤੇਰੀ,
ਜੰਮਿਆ ਏ ਕੌਣ ਵਿੰਗਾ ਕਰਨ ਵਾਲਾ ਵਾਲ ਤੇਰਾ ?

੨. ਸਰ ਤੇ ਵਜ਼ੀਰ ਤੇਰੇ,
ਕੌਂਸਲਾਂ ਦੇ ਮੀਰ ਤੇਰੇ,
ਜੱਜ ਤੇ ਸਫੀਰ ਤੇਰੇ,
ਰਾਜੇ, ਸਰਦਾਰ ਤੇਰੇ,
ਮਲਕ ਤੇ ਨਵਾਬ ਤੇਰੇ,
ਤਕਮੇ ਤੇ ਖ਼ਿਤਾਬ ਤੇਰੇ,
ਖ਼ਾਨ, ਸੁਲਤਾਨ, ਕਪਤਾਨ, ਸੂਬੇਦਾਰ ਤੇਰੇ,
ਰਬ ਦੀ ਜ਼ਮੀਨ ਤੇਰੀ,
ਅੰਨ ਦੇ ਅੰਬਾਰ ਤੇਰੇ,
ਦੇਸ ਦੀ ਆਬਾਦੀ ਵਿਚ ਪੰਜਾਂ ਵਿੱਚੋਂ ਚਾਰ ਤੇਰੇ,
ਕੁੰਜੀ ਤੇਰੇ ਹਥ,
ਦਰਬਾਰ ਤੇਰੀ ਮੁੱਠ ਵਿੱਚ,
ਹੁਕਮ ਤੇਰਾ, ਜ਼ੋਰ ਤੇਰਾ, ਹੁੱਦੇ-ਅਖ਼ਤਿਆਰ ਤੇਰੇ ।

-੪੮-