ਪੰਨਾ:ਕੇਸਰ ਕਿਆਰੀ.pdf/93

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੮. ਹਾਇ ਜਵਾਨੀ !

੧. ਪ੍ਰੇਮ-ਨਸ਼ੇ ਦੀ ਤਾਰ ਜਵਾਨੀ,
ਫਬੀ ਹੋਈ ਗੁਲਜ਼ਾਰ ਜਵਾਨੀ ।
ਹਰੀ ਹਰੀ, ਨਿਸਰੀ ਹੋਈ ਡਾਲੀ,
ਨਾਲ ਅਦਾਵਾਂ ਝੂਮਣ ਵਾਲੀ ।
ਅਖੀਆਂ ਨਾਲ ਵੰਗਾਰਨ ਵਾਲੀ,
ਝਿਪ ਝਿਪ ਛੁਰੀਆਂ ਮਾਰਨ ਵਾਲੀ ।
ਸ਼ੋਖ ਸਲੋਨੀ, ਭਰ ਮਸਤਾਨੀ,
ਹਾਇ ਜਵਾਨੀ ! ਹਾਇ ਜਵਾਨੀ ।

੨. ਨਦੀ ਹੜਾਂ ਵਿਚ ਆਈ ਹੋਈ,
ਚੜ੍ਹੀ ਹੋਈ, ਇਤਰਾਈ ਹੋਈ ।
ਉਛਲੇ, ਸ਼ੂਕੇ, ਠਾਠਾਂ ਮਾਰੇ,
ਚੌੜੇ ਕਰਦੀ ਜਾਏ ਕਿਨਾਰੇ ।
ਰਾਹ ਖਹਿੜਾ ਨਾ ਕੋਈ ਤੱਕੇ,
ਧੱਕਿਆਂ ਨਾਲ ਹਟਾਏ ਡੱਕੇ ।
ਸੰਭਲੀ ਜਾਏ ਨ ਤੇਜ਼ ਰਵਾਨੀ,
ਹਾਇ ਜਵਾਨੀ ! ਹਾਇ ਜਵਾਨੀ ।


-੬੨-