ਪੰਨਾ:ਕੇਸਰ ਕਿਆਰੀ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩. ਬੇਪਰਵਾਹ, ਮੂੰਹਜ਼ੋਰ ਵਛੇਰੀ,
ਚੜ੍ਹੀ ਹੋਈ ਹੰਕਾਰ ਹਨੇਰੀ ।
ਛੁਲਕੇ ਪਾਰੇ ਵਾਂਗ ਮੁਤਾਣੀ,
ਚੰਚਲ ਚਿਣਗ, ਮੁਆਤੇ ਲਾਣੀ ।
ਤਣੀਆਂ ਹੋਈਆਂ ਹੁਸਨ-ਤਣਾਵਾਂ,
ਆਕੜ ਭਰੀਆਂ, ਉਚੀਆਂ ਵ੍ਹਾਵਾਂ ।
ਉਭਰੀ ਛਾਤੀ, ਗਰਬ ਗੁਮਾਨੀ,
ਹਾਇ ਜਵਾਨੀ ! ਹਾਇ ਜਵਾਨੀ ।

੪. ਢਲ ਗਈ ਹਾਇ ! ਦੁਪਹਿਰ ਹੁਸਨ ਦੀ,
ਝਉਂ ਗਈ ਹਾਇ ! ਬਹਾਰ ਚਮਨ ਦੀ ।
ਹੋਈਆਂ ਹਰਨ, ਹਰਨ ਦੀਆਂ ਛਾਲਾਂ,
ਜੋਤ ਬੁਝਾਈ ਆਣ ਤਿਕਾਲਾਂ ।
ਸ਼ੂਕਾਂ ਠਾਠਾਂ ਰਾਹੇ ਪਈਆਂ,
ਸੀਨੇ ਵਿਚ ਸਧਰਾਂ ਰਹਿ ਗਈਆਂ ।
ਨਿਕਲ ਗਿਆ ਉਹ ਰੋੜ੍ਹ ਤੁਫ਼ਾਨੀ,
ਹਾਇ ਜਵਾਨੀ ! ਹਾਇ ਜਵਾਨੀ ।

੫. ਹਾਇ ਜਵਾਨੀ ! ਹਾਇ ਜਵਾਨੀ !!
ਕਿਧਰ ਗਈ ਉਹ ਆਕੜਖ਼ਾਨੀ !
ਲੈ ਗਈ ਹਿੰਮਤ, ਦੇ ਗਈ ਝੋਰੇ,
ਰਜ ਰਜ ਮਾਰਨ ਹਟਕੋਰੇ ।
ਮੋੜ ਲਿਆ ਦੇਵੇ ਜੇ ਕੋਈ,
ਜੋ ਮੁਲ ਮੰਗੇ, ਲੈ ਲਏ ਸੋਈ ।
ਦੀਨ ਦੁਨੀ ਕਰ ਦਿਆਂ ਕੁਰਬਾਨੀ,
ਹਾਇ ਜਵਾਨੀ ! ਹਾਇ ਜਵਾਨੀ ।

-੬੩-