ਯਾਰ ਦੇ ਕੱਦ ਨੂੰ ਲੇਂਡੀ ਨਾਲ ਤਸ਼ਬੀਹ ਦਿੱਤੀ। ਏਧਰ ਤੇ ਏਹ ਉੱਧਰ ਜ਼ੇਬਉਲਨਸਾ ਜੇਹੀ ਨਾਜ਼ਕ ਖਿਆਲ ਸ਼ਾਹਜ਼ਾਦੀ ਜਿਸ ਨੇ ਯਾਰ ਦੇ ਕੱਦ ਨੂੰ "ਸਰਵ" ਨਾਲ ਤਸ਼ਬੀਹ ਦੇਨ ਤੇ ਕਵੀਆਂ ਨੂੰ ਗਾਲਾਂ ਸੁਨਾਈਆਂ। ਜ਼ੇਬਉਲਨਸਾ ਨੂੰ ਕਿਉਂ ਏਹ ਤਸ਼ਬੀਹ ਬੁਰੀ ਲੱਗੀ, ਇਸ ਦੀ ਕਹਾਨੀ ਇਉਂ ਹੈ:-
ਜ਼ੇਬਉਲਨਸਾ ਸ਼ਾਹਜ਼ਾਦੀ
ਤੇ ਸਰੂ ਦਾ ਬੂਟਾ
ਜ਼ੇਬਉਲਨਸਾ ਸ਼ਾਹਿਨਸ਼ਾਹ ਔਰੰਗਜ਼ੇਬ ਦੀ ਪਿਆਰੀ ਪੁਤ੍ਰੀ ਸੀ। ਇਸ ਨੂੰ ਵਿਆਹ ਕਰਨ ਦਾ ਹੁਕਮ ਨਹੀਂ ਸੀ। ਸਾਰੀ ਉਮਰ ਕਵਾਰ ਪਨ ਵਿਚ ਹੀ ਬਤਾਈ। ਜਵਾਨੀ ਦੇ ਦਿਨ ਤੇ ਏਹ ਲਾਹੌਰ ਦੇ ਸ਼ਾਲਾ ਬਾਗ ਵਿੱਚ ਨਿਵਾਸ ਕਰਦੀ ਸੀ। ਇਸ ਰਾਜ ਕੁਮਾਰੀ ਨੂੰ ਕਵਿਤਾ ਦਾ ਸ਼ੌਕ ਸੀ। ਇਸ ਨੇ ਇਕ ਗ੍ਰੰਥ ਵੀ ਕਵਿਤਾ ਦਾ ਲਿਖਿਆ।
ਇਕ ਦਿਨ ਵਿਚਾਰੀ ਅਕੱਲੀ ਬਾਗ਼ ਵਿਚ ਬੈਠੀ, ਫੁੱਲਾਂ ਦੇ ਰੰਗ ਅਰ ਨੈਹਰ ਦੀਆਂ ਲੈਹਰਾਂ ਵੇਖ ਰਹੀ ਸੀ। ਕੁਝ ਬੜੀ ਡੂੰਘੀ ਸੋਚ ਵਿਚ ਡੁੱਬੀ ਸੀ। ਇਕ ਜਵਾਨੀ ਦਾ ਜ਼ੋਸ਼, ਦੁਜਾ ਬਾਗ ਦਾ ਨਜ਼ਾਰਾ ਅਰ ਨਾਲ ਹੀ ਨਾ ਕਾਬੂ ਦਿਲ ਦੇ ਵਲਵਲੇ, ਖ਼ਵਰੇ ਵਿਚਾਰੀ ਤੇ ਕੀ ਗੁਜ਼ਰਦੀ ਸੀ। ਕਦੀ, ਵੇਲਾਂ ਨੂੰ ਬੂਟਿਆਂ ਨਾਲ ਜੱਫੀ ਪਾਇਆ ਵੇਖ, ਕਦੀ ਫੁੱਲ ਦਾ ਹਵਾ ਨਾਲ ਹਿਲ ਹਿਲ, ਇਕ ਦੂਜੇ ਦਾ ਮੂੰਹ ਚੁਮਨਾ ਵੇਖ, ਰੱਬ ਜਾਨੇ ਜੀ ਵਿਚ ਕੀ ਤ੍ਰੰਗ ਉਠਦੇ ਸਨ। ਇਸ ਸੋਚ ਵਿਚ ਬੈਠੀ ਸੀ, ਕਿ ਇਸ ਦੀ ਨਜ਼ਰ ਇਕ ਕਿਆਰੀ ਵਿਚ ਸਰੂ ਦੇ ਸੋਹਨੇ ਬੂਟੜੇ ਤੇ ਪਈ। ਸਰੂ ਵੀ ਸਿੱਧਾ ਕੱਦ, ਸਾਵੀ ਪੌਸ਼ਾਕ ਪਾਏ ਚੁਪ ਚਾਪ ਖੜਾ ਸੀ। ਇਸ ਰਾਜ ਕੁਮਾਰੀ ਨੇ, ਫਾਰਸੀ ਕਵਿਤਾ ਵਿਚ ਪੜ੍ਹਿਆ ਸੀ, ਸਰੂ ਨੂੰ