(੨੧੨)
ਪੂਰਾਤਨ ਪੰਜਾਬੀ ਨਸਰ ਦਾ ਨਮੂਨਾ:
੧. ਤਬ ਆਗਿਆ ਪ੍ਰਮੇਸਰ ਕੀ ਹੋਈ, ਜੋ ਇਕ ਦਿਨ ਕਾਲੁ ਕਿਹਾ, 'ਨਾਨਕ ਇਹ ਘਰ ਦੀਆਂ ਮਹੀਂ ਹਨ, ਤੂੰ ਚਾਰ ਲੈ ਆਉ । ਤਬ ਗੁਰੂ ਨਾਨਕ ਮਹੀਂ ਲੈਕਰ ਬਾਹਰ ਗਿਆ, ਤਾਂ ਚਰਾਇ ਲੈ ਆਇਆ । ਫਿਰ ਅਗਲੇ ਦਿਨ ਗਿਆ ਤਾਂ ਮਹੀਂ ਛੱਡਕੇ ਕਣਕ ਦੇ ਬੰਨੇ ਪੈ ਸੁੱਤਾ, ਤਬ ਮਹੀਂ ਜਾਇ ਕਣਕ ਨੂੰ ਪਈਆਂ, ਤਬ ਕਣਕ ਉਜਾੜ ਦੂਰ ਕੀਤੀ ਤਬ ਇਕ ਭੱਟੀ ਕਿਹਾ, “ਭਾਈ ਵੇ ! ਤੈਂ ਜੋ ਖੇਤ ਉਜਾੜਿਆ ਹੈ, ਸੋ ਕਿਉਂ ਉਜਾੜਿਆ ਹੈ ? ਇਸ ਉਜਾੜੇ ਦਾ ਜਵਾਬ ਦੇਹ। ਤਬ ਗੁਰੁ ਨਾਨਕ ਕਿਹਾ, “ਭਾਈ ਵੇ ! ਤੇਰਾ ਕਿਛ ਨਾਹੀਂ ਉਜਾੜਿਆ, ਕਿਆ ਹੋਇਆ ਕਿ ਕਿਸੇ ਮਹੀਂ ਮੂੰਹ ਪਾਇਆ ਖੁਦਾ ਇਸੇ ਵਿੱਚ ਬਰਕਤ ਘੱਤਸੀ। ਤਾਂ ਭੀ ਉਹ ਰਹੇ ਨਹੀਂ, ਗੁਰੂ ਨਾਨਕ ਨਾਲ ਲੱਗਾ ਲੜਨ, ਤਬ ਗੁਰੂ ਨਾਨਕ ਅਤੇ ਭੱਟੀ ਝਗੜਦੇ ਝਗੜਦੇ ਰਾਇ ਬੁਲਾਰ ਪਾਸ ਆਇ ਖੜੇ ਹੋਏ ਤਬ ਰਾਇ ਬੁਲਾਰ ਕਹਿਆ, “ਇਹ ਦਿਵਾਨਾ ਹੈ, ਤੁਸੀ ਕਾਲੂ ਨੂੰ ਸਦਾਵਹੁ" ਤਬ ਕਾਲੂ ਨੂੰ ਸਦਾਇਆ, ਤਬ ਰਾਇ ਬੁਲਾਰ ਆਖਿਆ। “ਕਾਲੁ ਇਸ ਪੁਤ੍ਰ ਨੂੰ ਸਮਝਾਉਂਦਾ ਕਿਉਂ ਨਹੀਂ, ਜੋ ਪ੍ਰਾਈ ਖੇਤੀ ਉਜਾੜ ਆਇਆ ਹੈ? ਭਲਾ ਦਿਵਾਨਾ ਕਰ ਛੋਡਿਆ ਆਹੀ । ਭਾਈ ਵੇ ਏਹ ਉਜਾੜਾ ਜਾਏ ਭਰ ਦੇਹ, ਨਾਹੀਂ ਤਾਂ ਤੁਰਕਾਂ ਪਾਸ ਜਾਇ ਖੜਾ ਹੋਸੀਆ॥