ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧ )

ਜੀਵਨ ਪੰਜ ਇੰਦ੍ਰੀਆਂ ਦੇ ਕੇਂਦਰਾਂ ਉੱਪਰ ਹੀ ਆਪਣੀ ਅਸਲੀਅਤ ਨੂੰ ਭਾਨ ਕਰਦਾ ਹੈ, ਤੇ ਪੰਜ ਯਾ ਛੇ ਇੰਦ੍ਰੀਆਂ ਦੇ ਮਰਕਜ਼ ਉਹ ਹਨ, ਜਿਨਾਂ ਬਾਰੀਆਂ ਥੀਂ ਪਿਆਰ ਰੱਬ ਦੇ ਦੀਦਾਰ ਹੁੰਦੇ ਹਨ। ਰਸ ਦਾ ਗਿਆਨ ਇਨ੍ਹਾਂ ਦਵਾਰਾ ਹੁੰਦਾ ਹੈ, ਇਨ੍ਹਾਂ ਬਿਨਾ ਸੂਨ੍ਯ ਹੋਵੇ ਤਾਂ ਹੋਵੇ, ਪਰ ਪਿਆਰ ਦਾ ਭਾਨ ਹੋ ਨਹੀਂ ਸੱਕਦਾ। ਸੂਨ੍ਯ ਦਾ ਭਾਨ ਵੀ ਕਥਨ ਤਕ ਹੀ ਹੈ? ਜਿਹੜਾ ਡੋਰਾ ਹੈ ਉਸ ਲਈ ਰਾਗ ਦੀ ਦੁਨੀਆਂ ਕੀ ਹੋਣੀ ਹੈ। ਜਿਹੜਾ ਗੁੰਗਾ ਹੈ ਉਸ ਲਈ ਮਿੱਠੇ ਵਚਨਾਂ ਦਾ ਅੰਮ੍ਰਿਤ ਕੀ ਅਰਥ ਰਖਦਾ ਹੈ? ਹੀਜੜੇ ਨੂੰ ਕਾਮ ਰਸ ਦੇ ਗੁੱਝੇ ਰਸਮੰਡਲਾਂ ਦਾ ਕੀ ਪਤਾ? ਜਿਨਾਂ ਸ਼ਾਹ-ਦੌਲੇ ਤੇ ਚੂਹਿਆਂ ਦਾ ਦਿਮਾਗ਼ ਹੀ ਨਹੀਂ ਉਨ੍ਹਾਂ ਲਈ ਸਾਹਿਤ੍ਯ ਕਟਾਖ੍ਯ, ਯਾ ਹੋਰ ਵਿਗ੍ਯਾਨਿਕ ਵਿਕਾਸ਼ਾਂ ਦੇ ਸੁਹਣੱਪਾਂ ਦਾ ਕੀ ਪਤਾ ਹੋ ਸੱਕਦਾ ਹੈ? ਲੋਕੀ ਕਹਿੰਦੇ ਹਨ, ਕਿ ਪੰਜ ਇੰਦ੍ਰੀਆਂ ਬਾਹਰ-ਮੁਖੀ ਹਨ, ਠੀਕ ਅੰਦਰ ਤਾਂ ਹੋਯਾ ਹੀ ਕੁਛ ਨਾਂ ਤੇ ਹੋਣਾ ਹੀ ਉਨ੍ਹਾਂ ਬਾਹਰ-ਮੁਖੀ ਸੀ, ਤੇ ਪੰਜਾਂ ਯਾ ਛਿਆਂ ਦਰਵਾਜਿਆਂ ਵਿੱਚੋਂ ਰੂਹ ਇਕ ਜੀਂਦਾ ਬੀਜ ਫੁੱਲ ਕੇ ਬ੍ਰਿਛ ਵਾਂਗ ਨਿਕਲਦਾ ਹੈ, ਤੇ ਆਪਣੇ ਅਸਲੇ ਵਲ ਬ੍ਰਿਛ ਵਾਂਗ ਉੱਚਾ ਹੁੰਦਾ ਹੈ, ਵਧਦਾ ਹੈ, ਤੇ ਕੁਲ ਜਗਤ ਤੇ ਉਹਦੇ ਪਦਾਰਥ ਇਸ ਰੂਹ ਦੇ ਵਿਗਸਣ ਲਈ ਹਨ, ਤੇ ਰੂਹ ਚੰਬੇ ਦੀ ਵੇਲ ਵਾਂਗ ਸਭ ਖਿੱਚਾਂ ਖਾ ਖਾ, ਤਣੁਕੇ-ਖਾ ਖਾ, ਰਸ ਦੀਆਂ ਲਹਿਰਾਂ ਵਿੱਚ ਤਰ ਤਰ, ਆਪਣੇ ਫੁੱਲ ਤੇ ਫਲ ਨੂੰ ਪ੍ਰਾਪਤ ਹੁੰਦਾ ਹੈ।