ਇਸ ਨਾਲ ਸੰਬੰਧਤ ਕਈ ਹੋਰ ਸਵਾਲਾਂ, ਦਾ ਨਿਰਣਾ ਕਰਨਾ ਹੋਵੇਗਾ ਕਿ ਕੌਮੀ ਲਹਿਰ ਨੇ ਅੰਗਰੇਜ਼ੀ ਹਕੂਮਤ ਵਿਰੁਧ ਹਥਿਆਰਬੰਦ ਇਨਕਲਾਬੀ ਤਿਆਰੀ ਦਾ ਰਾਹ ਕਿਉਂ ਨਾ ਫੜਿਆ ? ਖ਼ਾਸ ਕਰ ਜਦ ਦੂਸਰੇ ਸੰਸਾਰ ਯੁੱਧ ਛਿੜਨ ਦੇ ਆਸਾਰ ਦਿੱਸਣ ਲੱਗ ਪਏ ਸਨ, ਅਤੇ ਅਜਿਹੇ ਕੌਮੀ ਅਤੇ ਕੌਮਾਂਤਰੀ ਹਾਲਾਤ ਪੈਦਾ ਹੋ ਜਾਣ ਦੀ ਬਹੁਤ ਸੰਭਾਵਨਾ ਸੀ, ਜਿਨ੍ਹਾਂ ਵਰਗੇ ਹਾਲਾਤ (ਬਲਕਿ ਉਨ੍ਹਾਂ ਨਾਲੋਂ ਵਧੇਰੇ ਮੁਆਫ਼ਕ ਹਾਲਾਤ ਕਿਉਂਕਿ ਮੁਲਕ ਵਿਚ ਰਾਜਸੀ ਜਾਗਰਤੀ ਬਹੁਤ ਵਧੇਰੇ ਹੋ ਗਈ ਸੀ) ਤੋਂ 'ਗੱਦਰ ਪਾਰਟੀ ਲਹਿਰ' ਨੇ ਪਹਿਲੇ ਸੰਸਾਰ ਯੁੱਧ ਸਮੇਂ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ । ਦੇਸ ਵਿਚ ਇਨਕਲਾਬੀ ਸਪਿੱਰਟ ਅਤੇ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ, ਕਾਂਗਰਸੀ ਨੇਤਾਵਾਂ ਵਲੋਂ ਇਨਕਲਾਬੀ ਸਪਿੱਰਟ ਉਤੇ ਕਿਉਂ ਲਗਾਤਾਰ ਠੰਡਾ ਪਾਣੀ ਛਿੜਕਿਆ ਜਾਂਦਾ ਰਿਹਾ, ਅਤੇ ਇਨਕਲਾਬੀ ਤਰੀਕਾਕਾਰਾਂ ਨੂੰ ਕਿਉਂ ਕੋਸਿਆ ਗਿਆ ? ਕੌਮੀ ਮੰਗਾਂ ਮੰਨੇ ਜਾਣ ਦੀ ਸੂਰਤ ਵਿਚ ਕਾਂਗਰਸ ਦੀ ਅੰਗਰੇਜ਼ੀ ਸਰਕਾਰ ਨੂੰ ਲੜਾਈ ਵਿਚ ਮਿਲਵਰਤਣ ਦੇਣ ਨੂੰ ਸਹਾਰਨ ਲਈ 'ਮਹਾਤਮਾ' ਗਾਂਧੀ ਤਿਆਰ ਹੋ ਗਏ, ਪਰ ਸ੍ਰੀ ਸੋਭਾਸ਼ ਚੰਦਰ ਬੋਸ ਦੇ ਨਜ਼ਰੀਏ ਵਲ ਉਨ੍ਹਾਂ ਇਤਨਾ ਸਖ਼ਤ ਰਵੱਈਆ (ਜਿਤਨਾ ਸ਼ਾਇਦ ਉਨ੍ਹਾਂ ਆਪਣੀ ਸਾਰੀ ਰਾਜਸੀ ਜ਼ਿੰਦਗੀ ਵਿਚ ਕਿਸੇ ਹਮ-ਵਰਕਰ ਦੀ ਇਖ਼ਤਲਾਫ਼ ਰਾਏ ਵਲ ਧਾਰਨ ਨਹੀਂ ਕੀਤਾ) ਕਿਉਂ ਖੁਲ੍ਹਖੁਲ੍ਹਾ ਜ਼ਾਹਿਰ ਕੀਤਾ ? ਦੇਸ ਦੀਆਂ ਇਨਕਲਾਬੀ ਪਾਰਟੀਆਂ ਵੀ ਜ਼ਿਮੇਵਾਰੀ ਤੋਂ ਬਿਲਕੁਲ ਬਰੀ ਨਹੀਂ : ਬਲਕਿ ਇਸ ਸਵਾਲ ਦਾ ਜਵਾਬ ਦੇਣ ਵਾਸਤੇ ਉਨ੍ਹਾਂ ਉਤੇ ਇਕ ਤਰ੍ਹਾਂ ਕਾਂਗਰਸ ਨਾਲੋਂ ਵੀ ਵੱਧ ਜ਼ਿਮੇਵਾਰੀ ਹੈ । ਉਨ੍ਹਾਂ ਨੇ ਆਪਣੀਆਂ ਇਨਕਲਾਬੀ ਕੋਸ਼ਿਸ਼ਾਂ ਨੂੰ ਤਰਾਸਵਾਦੀ ਤਰੀਕਾਕਾਰਾਂ ਜਾਂ ਕੇਵਲ ਸਾਧਾਰਨ ਜਨਤਾ ਤਕ ਮਹਿਦੂਦ ਕਿਉਂ ਰਖਿਆ, ਅਤੇ 'ਗੱਦਰ ਪਾਰਟੀ ਲਹਿਰ' ਵਾਂਗੂੰ ਦੇਸੀ ਫ਼ੌਜਾਂ ਨੂੰ ਆਪਣੇ ਇਨਕਲਾਬੀ ਯਤਨਾਂ ਦੇ ਦਾਇਰੇ ਵਿਚ ਸ਼ਾਮਲ ਕਰਨ ਦਾ ਖ਼ਾਸ ਯਤਨ ਕਿਉਂ ਨਾ
ਕੀਤਾ ?
‘ਗੱਦਰ ਪਾਰਟੀ ਲਹਿਰ' ਦੇ ਸਬਕਾਂ ਦੀ ਰੌਸ਼ਨੀ ਵਿਚ ਇਤਿਹਾਸਕ ਪੜਚੋਲ ਦੇ ਨਜ਼ਰੀਏ ਤੋਂ ਇਕ ਹੋਰ ਜ਼ਰੂਰੀ ਸਵਾਲ ਪੈਦਾ ਹੁੰਦਾ ਹੈ, ਭਾਵੇਂ ਇਸ ਨੂੰ ਉਪਰੋਕਤ ਸਵਾਲਾਂ ਜਿਤਨੇ ਯਕੀਨ ਨਾਲ ਨਹੀਂ ਪੇਸ਼ ਕੀਤਾ ਜਾ ਸਕਦਾ । ਅਮਰੀਕਾ, ਕੈਨੇਡਾ ਆਦਿ ਵਿਚ ਗਏ ਹਿੰਦੀਆਂ ਵਿਚ ਮੁਸਲਮਾਨਾਂ ਦੀ ਗਿਣਤੀ ਮੁਕਾਬਲਤਨ ਘਟ ਹੋਣ ਕਰ ਕੇ, ‘ਗੱਦਰ ਪਾਰਟੀ ਲਹਿਰ' ਵਿਚ ਹਿੱਸਾ ਲੈਣ ਵਾਲਿਆਂ ਮੁਸਲਮਾਨਾਂ ਦੀ ਗਿਣਤੀ ਬਹੁਤੀ ਨਹੀਂ ਸੀ, ਪਰ ਜੋ ਕੌਮੀ ਏਕਤਾ ਦੀ, ਕੁਰਬਾਨੀ ਦੀ ਅਤੇ ਇਨਕਲਾਬੀ ਸਪਿਰਟ ਉਨ੍ਹਾਂ ਵਿਖਾਈ, ਉਹ ਹੋਰਨਾਂ ਨਾਲੋਂ ਘੱਟ ਨਹੀਂ ਸੀ। ਇਹ ਠੀਕ ਹੈ ਕਿ ਇਸ ਸਪਿਰਟ ਨੂੰ ਪੈਦਾ ਕਰਨ ਵਿਚ ਅਮਰੀਕਾ ਆਦਿ ਬਦੇਸ਼ਾਂ ਦੇ ਮਾਹੌਲ ਅਤੇ ਹਾਲਾਤ, ਜਿਨ੍ਹਾਂ ਵਰਗੇ ਹਾਲਾਤ ਹਿੰਦ ਵਿਚ ਅੰਗਰੇਜ਼ੀ ਰਾਜ ਸਮੇਂ ਪੈਦਾ ਕਰਨੇ ਮੁਸ਼ਕਲ ਸਨ, ਦਾ ਕਾਫ਼ੀ ਹੱਥ ਸੀ । ਪਰ ਆਈ. ਐਨ. ਏ. ਲਹਿਰ ਵਿਚ ਸ਼ਾਮਲ ਹੋਣ ਵਾਲੇ ਮੁਸਲਮਾਨ ਸਾਥੀਆਂ ਨੇ ਇਸੇ ਕਿਸਮ ਦੀ ਕੌਮੀ ਏਕਤਾ ਦੀ ਕੁਰਬਾਨੀ ਦੀ ਸਪਿੱਰਟ ਵਿਖਾਈ । ਇਸ ਵਾਸਤੇ ਮੁਲਕ ਦੇ ਬਟਵਾਰੇ ਤੋਂ ਉਪਜੇ, ਅਤੇ ਇਸ ਤੋਂ ਅਗੋਂ ਉਤਪੰਨ ਹੋ ਸਕਣ ਵਾਲੇ, ਭਿਆਨਕ ਨਤੀਜਿਆਂ ਨੂੰ ਸਾਹਮਣੇ ਰਖਦਿਆਂ ਹੋਇਆਂ ਇਹ ਸਵਾਲ ਪੈਦਾ ਹੁੰਦਾ ਹੈ ਕਿ, ਜੇ ਹਿੰਦੀ ਕੌਮੀ ਲਹਿਰ ‘ਗੱਦਰ ਪਾਰਟੀ ਲਹਿਰ' ਵਰਗਾ ਇਨਕਲਾਬੀ ਰਾਹ ਫੜਦੀ, ਤਾਂ ਕੀ ਕੌਮੀ ਲਹਿਰ ਵਿਚ ਵਧੇਰੇ ਕੌਮੀ ਏਕਤਾ ਅਤੇ ਪੁਖਤਾਈ ਨਾ ਪੈਦਾ ਹੁੰਦੀ, ਅਤੇ ਕੀ ਮੁਲਕ ਬਟਵਾਰੇ ਅਤੇ ਇਸ ਦੇ ਨਤੀਜਿਆਂ ਤੋਂ ਨਾ ਬਚ ਸਕਦਾ ? ਕੀ ਅੰਗਰੇਜ਼ੀ ਹਕੂਮਤ ਨਾਲ ਸਮਝੌਤਾ ਕਰਨਾ ਸ਼ਾਂਤਮਈ ਤਰੀਕਾਕਾਰ ਦਾ ਲਾਜ਼ਮੀ ਅੰਗ ਨਹੀਂ ਸੀ, ਜਿਸ ਨਾਲ ਹਿੰਦ ਦੀਆਂ ਵਖ ਵਖ ਜਾਤੀਆਂ ਵਿਚਕਾਰ ਇਕ ਬੰਨੇ ਪਾੜ ਨੂੰ ਵਧਾਉਣ ਅਤੇ ਦੂਸਰੇ ਬੰਨੇ ਉਨ੍ਹਾਂ ਵਿਚਕਾਰ ਹੋਏ ਕਿਸੇ ਫ਼ੈਸਲੇ ਉਤੇ ਅੰਤਮ ਮੋਹਰ ਲਾਉਣ ਦੀ (Sanction) ਅੰਗਰੇਜ਼ੀ ਹਕੂਮਤ ਹੱਥ ਚਲੀ ਗਈ, ਜਿਸ ਦਾ ਅੰਤਮ ਨਤੀਜਾ ਮੁਲਕ ਦਾ ਬਟਵਾਰਾ ਨਿਕਲਿਆ ?
੨੦