ਸਨ। ਜਰਮਨ ਸਲਤਨਤ ਦੀਆਂ ਮਾਤੈਹਤ ਬਸਤੀਆਂ ਦਾ ਸਕੱਤ੍ਰ ਡਾਕਟਰ ਬਰਨ ਹਾਰਡ ਡਰਨ ਬਰਗ ਅਮਰੀਕਨ-ਜਰਮਨਾਂ ਵਿਚ ਜਰਮਨੀ ਦੇ ਹੱਕ ਵਿਚ ਰਾਏ ਜਥੇਬੰਦ ਕਰਨ ਅਮਰੀਕਾ ਆਇਆ[1]।ਅੰਗਰੇਜ਼ ਵਿਰੋਧੀ ਇਨ੍ਹਾਂ ਅਨਸਰਾਂ ਦਾ ਅਮਰੀਕਾ ਗਏ ਹਿੰਦੀਆਂ ਨੂੰ ਅੰਗਰੇਜ਼ਾਂ ਵਿਰੁਧ ਚੁਕਣਾ ਕੁਦਰਤੀ ਸੀ। ਇਸ ਤੋਂ ਵੀ ਇਨ੍ਹਾਂ ਦਾ ਵੱਡਾ ਫਾਇਦਾ ਇਹ ਸੀ ਕਿ, ਹੋਰ ਆਜ਼ਾਦ ਖਿਆਲ ਅਮਰੀਕਨਾਂ ਨਾਲ ਮਿਲਕੇ, ਇਹ ਅਮਰੀਕਾ ਦੇ ਹਿੰਦੀਆਂ ਵਿਚ ਅੰਗਰੇਜ਼ ਵਿਰੋਧੀ ਲਹਿਰ ਨੂੰ ਅਮਰੀਕਨ ਸਰਕਾਰ ਦੀ ਖੁਲਮ ਖੁਲ੍ਹੀ ਮੁਦਾਖਲਤ ਤੋਂ ਬਚਾਉਣ ਲਈ ਢਾਲ ਦਾ ਕੰਮ ਦਿੰਦੇ; ਕਿਉਂਕਿ ਅਮਰੀਕਾ ਦੀ ਆਬਾਦੀ ਵਿਚ ਇਨ੍ਹਾਂ ਅਨਸਰਾਂ ਦੀ ਕਾਫੀ ਗਿਣਤੀ ਹੋਣ ਕਰਕੇ ਅਮਰੀਕਨ ਸਰਕਾਰ ਹਿੰਦੀਆਂ ਵਿਰੁਧ ਕੋਈ ਸਰੀਹਨ ਨਾਵਾਜਬ ਕਦਮ ਚੁਕਣੋਂ ਝੱਕਦੀ। ਅਮਰੀਕਾ ਦੇ ਆਰਥਕ ਹਾਲਾਤਾਂ[2] ਨੇ ਵੀ ਵਿੰਗੇ ਤਰੀਕੇ ਨਾਲ ਹਿੰਦੀਆਂ ਦੇ ਕੌਮੀ ਜਜ਼ਬੇ ਨੂੰ ਤਿੱਖਾ ਕਰਨ ਵਿਚ ਥੋੜਾ ਜਿਹਾ ਹੱਥ ਵਟਾਇਆ। ਸ਼ੁਰੂ ਸ਼ੁਰੂ ਵਿਚ ਅਮਰੀਕਾ ਵਿਚ ਬੇਆਬਾਦ ਵਾਹੀ ਦੇ ਲਾਇਕ ਤੋਂ ਇਤਨੀ ਸੀ ਕਿ ਜਿਤਨੀ ਕੋਈ ਸਾਂਭ ਸਕਦਾ ਸਾਂਭ ਲੈਂਦਾ। ਇਸ ਵਾਸਤੇ ਖੇਤੀ ਬਾੜੀ ਲਈ ਮੌਕਿਆ ਸਨ, ਅਤੇ ਖੇਤੀ ਕਰਨ ਵਾਲਿਆਂ ਦੀ ਮੰਗ ਵੀ ਅਮੁਕ ਸੀ, ਜਿਸ ਨੂੰ ਪੂਰਾ ਕਰਨ ਲਈ ਦੂਸਰੇ ਮੁਲਕਾਂ ਵਿਚੋਂ ਲੋਕਾਂ ਦੇ ਅਮਰੀਕਾ ਆਉਣ ਲਈ ਦਰਵਾਜ਼ੇ ਖੁਲ੍ਹੇ ਸਨ। ਸਨਅੱਤ ਦੀ ਤਰੱਕੀ ਨੇ ਕਾਮਿਆਂ ਦੀ ਇਸ ਥੁੜ ਨੂੰ ਹੋਰ ਵੀ ਤਿੱਖਿਆਂ ਕਰ ਦਿਤਾ। ਸੰਨ ੧੯੧੦ ਤਕ ਖੇਤੀ ਬਾੜੀ ਅਤੇ ਸਨਅੱਤ ਵਿਚ ਕੰਮ ਕਰਨ ਵਾਲਿਆਂ ਦੀ ਗਿਣਤੀ ਬਰਾਬਰ ਹੋ ਗਈ, ਅਤੇ ਅਗਲੇ ਦਸ ਸਾਲਾਂ ਵਿਚ ਸਨਅੱਤ ਵਿਚ ਕੰਮ ਕਰਨ ਵਾਲਿਆਂ ਦੀ ਖੇਤੀ ਬਾੜੀ ਵਿਚ ਕੰਮ ਕਰਨ ਵਾਲਿਆਂ ਨਾਲੋਂ ਗਿਣਤੀ ਵੱਧ ਗਈ। ਸਨਅੱਤ ਦੀ ਹਰ ਇਕ ਲਾਈਨ ਵਿਚ ਮਜ਼ਦੂਰਾਂ ਦੀ ਇਤਨੀ ਲੋੜ ਸੀ ਕਿ ਕਈ ਪਛਮੀ ਅਮਰੀਕਨ ਰਿਆਸਤਾਂ ਨੇ ਦੂਸਰੇ ਮੁਲਕਾਂ ਵਿਚੋਂ ਮਜ਼ਦੂਰਾਂ ਨੂੰ ਲਿਆਉਣ ਲਈ ਪ੍ਰੇਰਨਾ ਕਰਨ ਵਾਸਤੇ ਅੱਡਰੇ ਮਹਿਕਮੇਂ ਬਣਾਏ ਹੋਏ ਸਨ। ਦੂਸਰੇ ਬੰਨੇ ਯੂਰਪ ਵਿਚ ਆਬਾਦੀ ਬਹੁਤ ਵੱਧ ਗਈ ਸੀ ਅਤੇ ਮੁਕਾਬਲਤੰ ਆਰਥਕ ਹਾਲਾਤ ਪਤਲੇ ਸਨ। ਇਸ ਕਰਕੇ ਨੈਪੋਲੀਅਨ ਦੀ ਚਾਰ ਤੋਂ ਲੈਕੇ ੧੯੧੪ ਦੀ ਲੜਾਈ ਤਕ, ਇਕ ਸੌ ਸਾਲ ਦੇ ਅਰਸੇ ਵਿਚ, ਯੂਰਪ ਵਿਚੋਂ ਆਕੇ ਅਮਰੀਕਾ ਵੱਸਣ ਵਾਲਿਆਂ ਦੀ ਗਿਣਤੀ ਨੇ ਇਕ ਵੱਧਦੇ ਹੜ੍ਹ ਦੀ ਸ਼ਕਲ ਫੜ ਲਈ। ੧੯੧੪ ਤੋਂ ਪਹਿਲੇ ਦੱਸ ਸਾਲਾਂ ਵਿਚ ਇਹ ਗਿਣਤੀ ਔਸਤੰ ਦਸ ਲੱਖ ਸਾਲਾਨਾ ਤਕ ਪੁਜ ਗਈ। ਇਨ੍ਹਾਂ ਵਿਚ ਯੂਰਪ ਦੇ ਹਰ ਮੁਲਕ ਅਤੇ ਹਰ ਕਿਸਮ ਦੇ ਵਸਨੀਕ ਸ਼ਾਮਲ ਸਨ, ਜਿਸ ਕਰਕੇ ਅਮਰੀਕਾ ਦੀ ਆਬਾਦੀ, ਭਾਈਚਾਰਾ ਅਤੇ ਸਭਿਆਚਾਰ ਮਿਲਗੋਭਾ ਬਣ ਗਿਆ। ਅੱਡ ਅੱਡ ਕਿਸਮ ਦੇ ਬੰਦਿਆਂ ਦੇ ਮੇਲ ਜੋਲ ਅਤੇ ਜੋੜ ਤੋੜ ਹੁੰਦੇ ਰਹਿੰਦੇ ਸਨ, ਅਤੇ ਉਨ੍ਹਾਂ ਨੂੰ ਅਕੱਠਿਆਂ ਮਿਲ ਕੇ ਕੰਮ ਕਰਨਾ ਪੈਂਦਾ ਸੀ। ਇਕ ਤਰ੍ਹਾਂ ਅਮਰੀਕਨ ਭਾਈਚਾਰੇ ਅਤੇ ਆਰਥਕ ਤਵਾਜ਼ਨ ਦੀ ਸ਼ਕਲ ਚਲਦੇ ਸਾਈਕਲ ਦੇ ਤਵਾਜ਼ਨ ਨਾਲ ਮੇਲ ਖਾਂਦੀ ਸੀ, ਜਿਸ ਦਾ ਬਦਲਦੇ ਹਾਲਾਤ ਵਿਚ ਹਰ ਘੜੀ ਨਵਾਂ |
ਤਵਾਜ਼ਨ ਕਾਇਮ ਹੁੰਦਾ ਰਹਿੰਦਾ ਸੀ। ਜਿਤਨਾ ਚਿਰ ਖੁਸ਼ਹਾਲੀ ਰਹਿੰਦੀ (ਅਤੇ ਸਮੁਚੇ ਤੌਰ ਉੱਤੇ ਵੀਹਵੀਂ ਸਦੀ ਦੇ ਪਹਿਲੇ ਤੀਹ ਸਾਲ ਅਮਰੀਕਾ ਦੀ ਖੁਸ਼ਹਾਲੀ ਦਾ ਬਹੁਤ ਵੱਡਾ ਸਮਾਂ ਮਿਥਿਆ ਜਾਂਦਾ ਹੈ) ਅਮਰੀਕਨ ਭਾਈਚਾਰੇ ਅਤੇ ਆਰਥਕ ਹਾਲਾਤ ਦਾ ਉਪ੍ਰੋਕਤ ਤਵਾਜ਼ਨ ਕਾਇਮ ਰਹਿੰਦਾ ਅਤੇ ਨਸਲੀ ਅਤੇ ਆਰਥਕ ਵਿਤਕਰੇ ਸਤੱਹ ਉੱਪਰ ਨਾ ਆਉਂਦੇ। ਪਰ ਜਦ ਕਦੀ ਮੰਦਵਾੜੇ ਦੇ ਆਰਜ਼ੀ ਝਟਕੇ ਲਗਦੇ (ਜਿਵੇਂ ਸੰਨ ੧੯੦੭ ਅਤੇ ੧੯੧੪ ਵਿਚ ਹੋਇਆ) ਤਾਂ ਅਮਰੀਕਨ ਭਾਈਚਾਰਕ ਅਤੇ ਆਰਥਕ ਤਵਾਜ਼ਨ ਡੋਲ ਜਾਂਦਾ। ਅਮਰੀਕਾ ਆਉਣ ਵਾਲੇ ਨਵੇਂ ਆਬਾਦਕਾਰਾਂ ਨੂੰ ਮੰਦਵਾੜੇ ਦਾ ਕਾਰਨ ਸਮਝਿਆ ਜਾਂਦਾ, ਪਰ ਇਸ ਦਾ ਬਹੁਤਾ ਨਜ਼ਲਾ ਏਸ਼ੀਆਈਆਂ ਵਿਰੁਧ ਡਿਗਦਾ। ਮੰਦਵਾੜੇ ਦੇ ਦਿਨਾਂ ਵਿਚ ਹਿੰਦੀਆਂ ਉੱਤੇ ਕਈ ਥਾਈਂ ਹਮਲੇ ਕੀਤੇ ਗਏ। ਵਿਲਹੈਂਮ (Oragon Stute) ਨਾਮੀ ਕਸਬੇ ਵਿਚ ਮਾਰ ਪਿਟ ਤੋਂ ਇਲਾਵਾ ਹਿੰਦੀ ਕਾਮਿਆਂ ਨੂੰ ਹੋਰ ਬੇਇਜ਼ਤ ਕਰਨ ਲਈ ਉਨ੍ਹਾਂ ਨੂੰ ਟ੍ਰੈਮਾਂ ਵਿਚ ਭਰ ਕੇ ਜੰਗਲ ਵਿਚ ਛੱਡਿਆ ਗਿਆ ਅਤੇ ਉਨ੍ਹਾਂ ਦਾ ਸਾਮਾਨ ਲੁਟ ਲਿਆ ਗਿਆ। ਸ਼੍ਰੀ ਸੋਹਨ ਸਿੰਘ ‘ਭਕਨਾ' ਨੇ ਅਜਿਹੀਆਂ ਕਈ ਘਟਨਾਂ ਬਾਰੇ ਲਿਖਿਆ ਹੈ[3], ਅਤੇ ਬੈਲਿੰਗਮ (Bellingham) ਵਿਚ ਗੋਰਿਆਂ ਵਲੋਂ ਹਿੰਦੀਆਂ ਉੱਤੇ ਹੋਏ ਇਕ ਅਜਿਹੇ ਹੱਲੇ ਦਾ ਕਈਆਂ ਨੇ ਜ਼ਿਕਰ ਕੀਤਾ ਹੈ[4]। ਇਨ੍ਹਾਂ ਹੱਲਿਆਂ ਦਾ ਵੱਡਾ ਕਾਰਨ ਆਰਥਕ ਸੀ, ਕਿਉਂਕਿ ਇਨ੍ਹਾਂ ਵਿਚ ਬਹੁਤਾ ਹਿੱਸਾ ਗੋਰੇ ਮਜ਼ਦੂਰਾਂ ਨੇ ਲਿਆ ਅਤੇ ਮੰਦਵਾੜੇ ਦਾ ਜ਼ੋਰ ਘਟਣ ਨਾਲ ਹੀ ਇਹ ਬੰਦ ਹੋ ਜਾਂਦੇ[5]। ਹਿੰਦੀ ਕਾਮਿਆਂ ਦਾ ਵੀ ਅਕਸਰ ਦੋਸ਼ ਹੁੰਦਾ, ਕਿਉਂਕਿ ਓਹ ਗੋਰਿਆਂ ਨਾਲੋਂ ਘੱਟ ਉਜਰਤਾਂ ਕਬੂਲ ਕਰਕੇ ਉਨ੍ਹਾਂ ਦੀ ਮਜ਼ਦੂਰੀ ਘਟਾਉਣ ਦਾ ਕਾਰਨ ਬਣਦੇ। ਪਰ ਇਸ ਦੇ ਬਾਵਜੂਦ ਇਨ੍ਹਾਂ ਹੱਲਿਆਂ ਨੇ ਅਮਰੀਕਾ ਦੇ ਹਿੰਦੀ ਕਾਮਿਆਂ ਨੂੰ ਤਕੜਾ ਹਲੂਣਾ ਦੇਣ ਦਾ ਕੰਮ ਕੀਤਾ, ਕਿਉਂਕਿ ਇਨ੍ਹਾਂ ਘਟਨਾਵਾਂ ਦੀ ਕੋਈ ਪੁਛ ਪੜਤਾਲ ਨਾ ਕੀਤੀ ਗਈ। ਅੰਗਰੇਜ਼ੀ ਕੌਂਸਲ ਪਾਸ ਜਦ ਹਿੰਦੀਆਂ ਨੇ ਡੈਪੂਟੇਸ਼ਨ ਰਾਹੀਂ ਸ਼ਕਾਇਤ ਕੀਤੀ ਤਾਂ ਉਸ ਨੇ ਟਾਲ ਮਟੌਲ ਤੋਂ ਵਧ ਕੋਈ ਕਦਮ ਨਾ ਚੁਕਿਆ[6]। ਅੰਗਰੇਜ਼ ਕੌਂਸਲ ਦੀ ਬੇਪਰਵਾਹੀ[7] ਇਤਫਾਕੀਆ ਜਾਂ ਉਸਦੀ ਜ਼ਾਤੀ ਸੁਸਤੀ ਕਰਕੇ ਨਹੀਂ ਸੀ, ਬਲਕਿ ਗਾਲਬਨ ਉਸ ਅੰਗਰੇਜ਼ੀ ਸਾਮਰਾਜੀ ਪਾਲਸੀ ਦਾ ਹਿੱਸਾ ਸੀ ਜੋ ਕੈਨੇਡਾ ਵਿਚ ਜ਼ਾਹਰ ਹੋਈ ਅਤੇ ਜਿਸ ਦਾ ਅਗਲੇ ਕਾਂਡ ਵਿਚ ਜ਼ਿਕਰ ਆਵੇਗਾ। ਇਸ ਦੇ ਮੁਕਾਬਲੇ ਜਾਪਾਨ ਸਰਕਾਰ ਨੇ ਅਮਰੀਕਾ ਵਿਚ ਜਾਪਾਨੀਆਂ ਉੱਤੇ ਏਸੇ ਕਿਸਮ ਦੇ ਹੋਏ ਹਮਲਿਆਂ ਤੋਂ ਹੋਏ ਨੁਕਸਾਨ ਦਾ ਜਾਪਾਨੀਆਂ ਨੂੰ ਇਵਜ਼ਾਨਾ ਦਵਾਇਆ ਸੀ। ਹਿੰਦੀਆਂ ਨੇ ਇਸ ਫਰਕ ਤੋਂ ਕੁਦਰਤੀ ਤੌਰ ਉੱਤੇ ਇਹ ਸਿੱਟਾ ਕੱਢਿਆ ਕਿ ਇਸ ਦਾ ਕਾਰਨ ਕੇਵਲ ਇਹ ਸੀ ਕਿ ਹਿੰਦ ਗੁਲਾਮ ਸੀ ਅਤੇ ਜਾਪਾਨ ਆਜ਼ਾਦ। ਇਸਤਰ੍ਹਾਂ ਇਨ੍ਹਾਂ ਹਮਲਿਆਂ ਨੇ |
੨੩
- ↑ A History of American life, P. W. Slosson, Vol. XII
- ↑ ਆਰਥਕ ਅੰਕੜੇ Economic History of the American People, E. L. Bogart and D. L. Kemmar, ਵਿਚੋਂ ਲਏ ਗਏ ਹਨ-ਖਾਸ ਕਰ ਪੰਨਾ ੫੦੯ ਤੋਂ ੫੧੨ ਤੱਕ।
- ↑ ਅਕਾਲੀ ਤੇ ਪਰਦੇਸੀ, ਅੰਮ੍ਰਿਤਸਰ, ੩੦ ਮਾਰਚ, ਪਹਿਲੀ ਅਤੇ ਦੂਜੀ ਅਪ੍ਰੈਲ, ੧੯੩੦ ਦੇ ਪਰਚੇ।
- ↑ Modern Review, Oct. 1909, p. 373;Political India, Sir John Cumming, p. 232.
- ↑ ਇਹ ਹੱਲੇ ਬੰਦ ਹੋਣ ਦਾ ਕਾਰਨ ਇਹ ਵੀ ਦੱਸਿਆ ਗਿਆ ਹੈ ਕਿ ਹਿੰਦੀਆਂ ਨੇ ਇਕ ਦੋ ਵਾਰ ਗੋਰਿਆਂ ਦਾ ਅੱਗੋਂ ਡੱਟ ਕੇ ਮੁਕਾਬਲਾ ਕੀਤਾ ਅਤੇ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ। ਉਸ ਦਿਨ ਤੋਂ ਗੋਰਿਆਂ ਨੇ ਫਿਰ ਹਮਲਾ ਕਰਨ ਦਾ ਹੌਂਸਲਾ ਨਾ ਕੀਤਾ।
- ↑ ਅਕਾਲੀ ਤੇ ਪ੍ਰਦੇਸੀ, ੪ ਅਪ੍ਰੈਲ, ੧੯੩੦ ਦਾ ਪਰਚਾ।
- ↑ Modern Review, Oct., 1910, p. 437.