ਨੂੰ; ਇਨ੍ਹਾਂ ਰਸਮਾਂ ਨੂੰ ਸੁਧਾਰਨ ਦੀ ਤਾਕਤ ਹੈ, ਜਿਹੜੇ ਦੇਸ ਦੇ ਪ੍ਰਤੀ-ਨਿਧ ਹਨ, ਉਹ ਤੇ ਅਸੈਂਬਲੀ ਹਾਲ ਵਿਚ ਜਾ ਕੇ ਘੁਰਾੜੇ ਮਾਰਦੇ ਨੇ।
ਮੈਂ ਵਿਆਹ ਦੀਆਂ ਇਹੋ ਜਿਹੀਆਂ ਕੱਚੀਆਂ ਤੰਦਾਂ ਦੇ ਸਖ਼ਤ ਖ਼ਿਲਾਫ ਹਾਂ, ਪਰ ਇਹ ਵੀ ਤੇ ਇਨਸਾਫ਼ ਨਹੀਂ ਕਿ ਚੰਗੀ ਤੇ ਸੁਸ਼ੀਲ ਸੁਚੱਜੀ ਇਸਤ੍ਰੀ ਦੇ ਹੁੰਦਿਆਂ ਵੀ ਆਦਮੀ ਦੋ ਜਾਂ ਇਸ ਤੋਂ ਵਧੀਕ ਵਿਆਹ ਕਰ ਲੈਣ। ਔਰਤ ਦੇ ਜਜ਼ਬਾਤਾਂ, ਅਹਿਸਾਸਾਂ ਤੇ ਜੀਵਨ ਦੀਆਂ ਸਾਧਾਰਨ ਖ਼ੁਸ਼ੀਆਂ ਨੂੰ ਇਕ ਕੁੱਤੇ ਵਾਂਗ ਠੁਕਰਾ ਦਿੱਤਾ ਜਾਏ। ਸਾਡਾ ਕਾਨੂੰਨ ਇੰਨਾਂ ਸਖ਼ਤ ਨਹੀਂ ਹੋਣਾ ਚਾਹੀਦਾ ਕਿ ਲੜਕੀ ਵਿਚਾਰੀ ਉਸੇ ਨਾਲ ਹੀ ਰਹਿਣ ਲਈ ਮਜਬੂਰ ਕੀਤੀ ਜਾਏ, ਜਿਸ ਨਾਲ ਉਸ ਦੇ ਜੀਵਨ ਦਾ ਇਕ ਪਲ ਵੀ ਸੁਖੀ ਨਾ ਹੋਵੇ।
ਵਿਆਹ ਇਕ ਮੁਤਬੱਰਕ ਰਸਮ ਸਮਝੀ ਜਾਂਦੀ ਹੈ ਜਿਸ ਨਾਲ ਔਰਤ ਸਦਾ ਲਈ ਬਹੁਤ ਵਾਰੀ ਅਨ-ਡਿਠੇ ਆਦਮੀ ਦਾ ਇਕ ਹਿੱਸਾ ਬਣਾਇਆ ਜਾਂਦਾ ਹੈ। ਇਸਤ੍ਰੀ ਨੂੰ ਤਕਲੀਫ਼ਾਂ ਤੇ ਬਰਦਾਸ਼ਤਾਂ ਦਾ ਜੀਵਨ, ਪਤੀ ਦੇ ਸੁਖ ਨੂੰ ਆਪਣਾ ਸੁਖ ਸਮਝਣਾ, ਤੇ ਜਿਸ ਤਰ੍ਹਾਂ ਅਗੇ ਲਿਖ ਚੁਕੀ ਹਾਂ, ਭਗ-ਵਾਨ ਸਮਝਣ ਲਈ ਬਾਰ ਬਾਰ ਸਿਖਿਆ ਦਿੱਤੀ ਜਾਂਦੀ ਹੈ। ਭਾਵੇਂ ਉਸ ਵਿਚ ਆਦਮੀ ਵਾਲੇ ਗੁਣ ਵੀ ਨਾ ਹੋਣ।
ਖੈਰ ... ... ਅਸੀਂ ਇਨ੍ਹਾਂ ਗੱਲਾਂ ਵਿਚ ਪੈ ਕੇ ਕੀ ਲੈਣਾ ਹੈ। ਸਾਡੇ ਆਖੇ ਕਿਹੜੇ ਕਾਨੂੰਨ ਬਦਲ ਜਾਣੇ ਨੇ। ਨਾਲੇ ਤੁਸੀ ਤੇ ਸ਼ਾਇਦ ਚਾਹੁੰਦੇ ਵੀ ਹੋਵੋ ਕਿ ਨਾ ਹੀ ਬਦਲਣ। ਕਿਉਂ ਠੀਕ ਹੈ?
ਮੈਂ ਮਹਿਸੂਸ ਕਰ ਰਹੀ ਹਾਂ, ਕਿ ਮੈਂ ਇਸ ਖ਼ਤ ਵਿਚ ਕਈ ਗੱਲਾਂ ਇਹੋ ਜਿਹੀਆਂ ਲਿਖ ਗਈ ਹਾਂ, ਜਿਹੜੀਆਂ ਮੇਰੇ ਵਰਗੀ ਲੜਕੀ ਦੇ ਹਥੋਂ ਲਿਖੀਆਂ ਜਾਣੀਆਂ ਅਯੋਗ ਸਮਝੀਆਂ ਜਾਣ। ਪਰ ਮੇਰੇ ਦੇਵਿੰਦਰ, ਮੈਂ ਤੁਹਾਡੇ ਬਿਨਾਂ ਇਨ੍ਹਾਂ ਨੂੰ ਹਰ ਕਿਸੇ ਨੂੰ ਨਹੀਂ ਸਾਂ ਲਿਖ ਸਕਦੀ। ਦੁਨੀਆ ਵਿਚ ਜੇ ਠੀਕ ਤੇ ਯੋਗ ਨੁਕਤਾਚੀਨੀ ਕੀਤੀ ਜਾ ਸਕਦੀ ਹੈ,ਤਾਂ ਉਹ ਕੇਵਲ ਮੁਹੱਬਤ ਦੀ ਹੀ ਜ਼ਬਾਨ ਨਾਲ ਕੀਤੀ ਜਾ ਸਕਦੀ ਹੈ। ਇਸੇ ਲਈ