ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿੱਤੀ ਗਈ ਹੈ, ਤੇ ਇਸ ਸੁਚਤਾਈ ਨੂੰ ਕਾਇਮ ਰੱਖਣ ਲਈ, ਦੋਹਾਂ sexes ਵਿਚ ਹਦ-ਬੰਦੀ ਕੀਤੀ ਗਈ ਹੈ। ਇਹ ਹਦ-ਬੰਦੀ ਵਖੋ ਵਖਰੇ ਮੁਲਕਾਂ ਵਿਚ ਵਖੋ ਵਖਰੀ ਹਦ ਤਕ ਹੈ। ਕਿਤੇ ਚੌੜੀ ਹੈ, ਕਿਤੇ ਤੰਗ। ਕਿਤੇ ਇਸ ਹਦਬੰਦੀ ਵਿਚ ਬਹੁਤਾ ਫ਼ਾਸਲਾ ਹੈ, ਕਿਤੇ ਬਹੁਤ ਥੋੜਾ, ਤੇ ਕਿਤੇ ਲਗ ਪਗ ਹੈ ਹੀ ਨਹੀਂ। ਸਾਡੇ ਮੁਲਕ ਵਿਚ ਵੀ ਇਹ ਫ਼ਾਸਲਾ ਬੜਾ ਥੋੜਾ ਹੈ, ਜਿਸ ਕਰ ਕੇ ਦਿਲ ਚੰਗੀ ਤਰ੍ਹਾਂ ਖੁਲ੍ਹਦੇ ਨਹੀਂ, ਤੇ ਦੋਹਾਂ ਨੂੰ ਕਈ ਕਈ ਗੱਲਾਂ ਅੰਦਰੋਂ ਅੰਦਰ ਦਬ ਕੇ ਰਖਣੀਆਂ ਪੈਂਦੀਆਂ ਹਨ - ਜਿਨ੍ਹਾਂ ਨੂੰ ਅਸਲ ਵਿਚ ਦਬ ਕੇ ਰਖਣ ਨਾਲ ਲਾਭ ਨਾਲੋਂ ਵਧੇਰੇ ਨੁਕਸਾਨ ਪਹੁੰਚਦਾ ਹੈ। ਕਈ ਵਾਰੀ ਦਬੀ ਹੋਈ ਚੰਗੀ ਤੋਂ ਚੰਗੀ ਚੀਜ਼ ਵੀ ਕੀੜਿਆਂ ਦਾ ਸ਼ਿਕਾਰ ਹੋ ਜਾਂਦੀ ਹੈ।

ਦੇਵਿੰਦਰ ਜੀ, ਮੈਂ ਮੰਨਦੀ ਹਾਂ ਕਿ ਸਾਡਾ ਕਾਨੂੰਨ ਏਨਾ ਢਿੱਲਾ ਨਹੀਂ ਹੋਣਾ ਚਾਹੀਦਾ ਕਿ ਐਵੇਂ ਹੀ ਮਾਮੂਲੀ ਝਗੜਾ ਹੋਇਆ ਤੇ ਝਟ ਤਲਾਕ ਲਈ ਕਚਹਿਰੀ ਵਿਚ। ਮੈਂ ਇਸ ਦੇ ਖ਼ਿਲਾਫ਼ ਹਾਂ। ਮੈਨੂੰ ਅਖ਼ਬਾਰ ਵਿਚ ਪੜ੍ਹੀ ਇਕ ਗੱਲ ਯਾਦ ਆ ਗਈ ਹੈ, ਕਿ ਲੰਡਨ ਵਿਚ ਇਕ ਨਵੀਂ ਜੋੜੀ ਜਦੋਂ ਵਿਆਹ ਕਰਾ ਕੇ ਗਿਰਜੇ ਦੀਆਂ ਪੌੜੀਆਂ ਉੱਤਰ ਰਹੀ ਸੀ, ਤਾਂ ਲੜਕੀ ਦੇ ਹੱਥੋਂ ਰੁਮਾਲ ਡਿਗ ਪਿਆ, ਜਿਸ ਦਾ ਲੜਕੇ ਨੂੰ ਪਤਾ ਨਾ ਲੱਗਾ ਤੇ ਉਸ ਨੇ ਚੁਕ ਕੇ ਨਾ ਫੜਾਇਆ। ਉਹ ਰੁਮਾਲ ਲੜਕੀ ਨੂੰ ਆਪ ਚੁਕਣਾ ਪਿਆ। ਘਰ ਜਾਣ ਤੋਂ ਪਹਿਲੋਂ ਲੜਕੀ ਨੇ ਕਚਹਿਰੀ ਜਾ ਕੇ ਦਰਖ਼ਾਸਤ ਦੇ ਦਿੱਤੀ, ਕਿ ਕਿਉਂਕਿ ਉਸ ਦਾ ਪਤੀ ਮੌਜੂਦਾ ਸਮਾਜ ਦੇ ਤਰੀਕਿਆਂ (manners and etiquates) ਤੋਂ ਨਾਵਾਕਿਫ਼ ਹੈ, ਜਿਸ ਕਰ ਕੇ ਉਸ ਦਾ ਨਿਰਬਾਹ ਉਸਦੇ ਪਤੀ ਨਾਲ ਹੋਣਾ ਔਖਾ ਹੈ। ਇਸ ਲਈ ਉਸ ਨੂੰ ਤਲਾਕ ਦੀ ਆਗਿਆ ਦਿੱਤੀ ਜਾਏ।

ਖ਼ੈਰ .... .... ਮੈਂ ਇਨ੍ਹਾਂ ਗੱਲਾਂ ਦੀ ਬਹਿਸ ਵਿਚ ਪੈ ਕੇ ਕੀ ਕਰਨਾ ਹੈ। ਇਹ ਤੇ ਐਵੇਂ ਦਿਲ ਵਿਚੋਂ ਗ਼ੁਬਾਰ ਜਿਹਾ ਉਠਿਆ ਸੀ। ਕਈਆਂ ਸੁਹਣੀਆਂ ਜ਼ਿੰਦਗੀਆਂ ਨੂੰ ਨਸ਼ਟ ਹੁੰਦਾ ਦੇਖ ਕੇ ਚੀਸ ਜਿਹੀ ਉਠੀ ਸੀ।

੯੧