ਦੇਵਿੰਦਰ, ਤੁਹਾਡੇ ਹੁੰਦਿਆਂ, ਮੇਰੀਆਂ ਸ਼ਾਮਾਂ ਕਿਸ ਤਰ੍ਹਾਂ ਸੁਨਹਿਰੀ ਬਣੀਆਂ ਹੋਈਆਂ ਸਨ - - ਹਾਂ, ਤੁਹਾਡੇ ਸਾਥ ਨਾਲ - ਹਰ ਇਕ ਚੀਜ਼ ਦੀ ਸੁੰਦਰਤਾ ਵਧ ਗਈ ਸੀ।
ਉਮੀਦਾਂ ਵਿਚ ਰਹਿਣਾ ਵੀ ਕਿੰਨਾ ਮਿੱਠਾ ਹੈ! ਹੁਣ ਵੀ ਮੈਂ ਤੁਹਾਨੂੰ ਉਸੇ ਤਰ੍ਹਾਂ ਉਡੀਕਦੀ ਰਹਿੰਦੀ ਹਾਂ। ਤੁਸੀ ਪਤਾ ਨਹੀਂ ਮਹਿਸੂਸ ਕਰਦੇ ਹੋ ਕਿ ਨਹੀਂ, ਕਿ ਜਿਥੇ ਮੈਂ ਜਾਂਦੀ ਹਾਂ, ਤੁਹਾਡਾ ਪਿਆਰ ਵੀ ਮੇਰੇ ਨਾਲ ਚਲਦਾ ਜਾਂਦਾ ਹੈ ਤੇ ਇਸ ਸਾਥ ਨੂੰ ਕੇਵਲ ਮੈਂ ਹੀ ਅਨੁਭਵ ਕਰ ਸਕਦੀ ਹਾਂ।
ਮੈਂ ਤੇ ਉਨ੍ਹਾਂ ਦਿਨਾਂ ਨੂੰ ਯਾਦ ਕਰ ਕਰ ਕੇ ਹੀ ਜ਼ਿੰਦਗੀ ਗੁਜ਼ਾਰ ਰਹੀ ਹਾਂ, ਜਿਹੜੇ ਅਸਾਂ ਕਠੇ ਗੁਜ਼ਾਰੇ ਸਨ। ਕਿਸ ਤਰ੍ਹਾਂ ਡਰ ਡਰ ਕੇ ਅਸੀ ਇਕ ਦੂਜੇ ਨੂੰ ਮਿਲਦੇ ਸਾਂ, ਕਿਸ ਤਰ੍ਹਾਂ ਪਹਿਲੇ ਮੇਲ ਬਾਬਤ ਗੱਲਾਂ ਕਰ ਕੇ ਹੱਸਦੇ ਤੇ ਮੁਸਕਰਾਂਦੇ ਸਾਂ ... ... ਮੈਂ ਤੁਹਾਡੀਆਂ ਤੇ ਤੁਸੀ ਮੇਰੀਆਂ, ਸਿਫ਼ਤਾਂ ਕਰਦੇ ਨਹੀਂ ਸਓ ਥਕਦੇ। ਕਹੀਆਂ ਅਜੀਬ ਗੱਲਾਂ ਕਰਦੇ ਸਾਂ ...... ਤੁਸੀ ਕਹਿੰਦੇ"ਮੈਂ ਪਹਿਲੋਂ ਪਿਆਰ ਕੀਤਾ", ਮੈਂ ਕਹਿੰਦੀ, “ਨਹੀਂ, ਮੈਂ ਕੀਤਾ ........." ਇਨ੍ਹਾਂ ਦਾ ਭਾਵੇਂ ਮਤਲਬ ਕੋਈ ਨਹੀਂ ਸੀ ... ... ... ਪਰ ਇਹ ਕੁਦਰਤੀ ਸਨ।
ਹੋਰ ਸੁਣਾਉ ਕੀ ਹਾਲ ਏ? ਬੜੇ ਖੁਸ਼ ਹੋ?
ਤੁਸੀ ਸਦਾ ਹੀ ਖੁਸ਼ ਰਹੋ ਇਹ ਮੇਰੀ ਬੜੀ ਵਡੀ ਰੀਝ ਹੈ।
ਤੁਹਾਡੀ.....ਭੋਲੀ .....