ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/137

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਖ਼ਤ ਨੰ: ੪੩

ਮੇਰੇ ਜੀਵਨ ਆਧਾਰ,

ਮੇਰੀਆਂ ਮਿੰਨਤਾਂ ਦਾ ਤੁਹਾਡੇ ਤੇ ਕੋਈ ਅਸਰ ਨਹੀਂ ਹੋਇਆ ਜਾਪਦਾ। ਅਜ ੧੦ ਦਿਨ ਬੀਤ ਚਲੇ ਹਨ, ਪਰ ਤੁਸਾਂ ਖ਼ਤ ਲਿਖਣ ਦੀ ਖੇਚਲ ਨਹੀਂ ਕੀਤੀ। ਦੇਵਿੰਦਰ ਜੀ ਤੁਸੀ ਕਿਉਂ ਭੁਲ ਜਾਂਦੇ ਹੋ ਕਿ ਮੇਰੀ ਵੀ ਇਕ ਰੂਹ ਹੈ ਜਿਹੜੀ ਤੜਪ ਸਕਦੀ ਹੈ।

ਖ਼ਿਆਲਾਂ ਤੇ ਜਜ਼ਬਿਆਂ ਦੇ ਹਜੂਮ ਨੇ, ਜਿਹੜਾ ਕਲ੍ਹ ਰਾਤੀਂ ਮੇਰੇ ਤੇ ਟੁਟ ਪਿਆ ਸੀ .... ... ਮੇਰੇ ਦਿਮਾਗ ਤੇ ਮੇਰੀ ਰੂਹ ਨੂੰ ਬੁਰੀ ਤਰ੍ਹਾਂ ਲਤਾੜ ਦਿੱਤਾ ਹੈ।

ਰਾਤੀਂ ਕਿਸੇ ਦੀ ਬੰਸਰੀ ਦੀ ਆਵਾਜ਼ ਨੇ ਮੇਰੇ ਦਿਲ ਵਿਚ ਇਕ ਅਜੀਬ ਜਿਹਾ ਦਰਦ ਪੈਦਾ ਕਰ ਦਿੱਤਾ। ਮੈਨੂੰ ਭਾਵੇਂ ਉਂਝ ਤੇ ਹਰ ਤਰ੍ਹਾਂ ਦਾ ਘਰੋਗੀ ਸੁਖ ਹੈ, ਪਰ ਮੈਂ ਆਰਾਮ ਤੇ ਨਹੀਂ ਚਾਹੁੰਦੀ - ਜ਼ਿੰਦਗੀ ਚਾਹੁੰਦੀ ਹਾਂ - ਹਾਂ ਜ਼ਿੰਦਗੀ ਜਿਸ ਵਿਚ ਮੁਸ਼ਕਲਾਂ ਤੜਪ ਤੇ ਰਾਗ ਹੋਵੇ।

ਬਾਹਰ ਮੀਹ ਵਸ ਰਿਹਾ ਹੈ, ਮੈਂ ਦੇਖਦੀ ਹਾਂ ....... ਕੁਝ ਮਹਿਸੂਸ ਕਰਦੀ ਹਾਂ ... ... ਪਰ ਫਿਰ ਇਕ "ਆਹ’’ ਦੇ ਬਿਨਾਂ ਕੁਝ ਨਹੀਂ ਕਰ ਸਕਦੀ।

ਮੇਰਾ ਖ਼ਿਆਲ ਨਹੀਂ, ਤੁਸੀ ਮੈਨੂੰ ਏਨੇ ਯਾਦ ਕਰਦੇ ਹੋਵੋਗੇ, ਨਹੀਂ ਤੇ ਤੁਹਾਨੂੰ ਮੇਰਾ ਖ਼ਿਆਲ ਕਰ ਕੇ ਖ਼ਤ ਜ਼ਰੂਰ ਪਾਉਣਾ ਚਾਹੀਦਾ ਸੀ। ਹੋ ਸਕਦਾ ਹੈ ਤੁਸੀ ਕੰਮ ਵਿਚ ਏਨੇ ਰੁਝੇ ਹੋਵੋ, ਕਿ ਵਿਹਲ ਨਾ ਮਿਲਦੀ ਹੋਵੇ, ਪਰ ਸੁਖ ਸਾਂਦ ਦੀਆਂ ਦੋ ਸਤਰਾਂ ਲਿਖਣ ਵਿਚ ਕਿਹੜਾ ਵਕਤ ਲਗਦਾ ਹੈ? ਹੁਣ ਹੀ ਲਿਖ ਛਡਣਾ..........

ਬੜੀ ਬੇਚੈਨ...............

੧੨੩