ਦੇਵਿੰਦਰ, ਮੈਨੂੰ ਕਈ ਵਾਰੀ ਖ਼ਿਆਲ ਆਉਂਦਾ ਹੈ, ਕਿ ਸਾਡਾ ਪਿਆਰ ਨਾ ਹੀ ਪੈਂਦਾ ਤਾਂ ਚੰਗਾ ਸੀ। ਪਰ ਫੇਰ ਮੇਰੇ ਜੀਵਨ ਵਿਚ ਇਹੋ ਜਹੀਆਂ ਚੰਗੀਆਂ ਘੜੀਆਂ ਕਿਸ ਤਰ੍ਹਾਂ ਆਉਂਦੀਆਂ।
ਉਹ ਮਿੱਠੇ ਇਕਰਾਰਾਂ ਦਾ ਕੀ ਬਣਿਆ? ਮੇਰੀਆਂ ਉਮੀਦਾਂ ਤੇ ਸੱਧਰਾਂ ਦਾ ਕੀ ਹੋਇਆ? ਮੈਂ ਹੁਣ ਕੱਲੀ ਹੀ ਪੁਰਾਣੇ ਦਿਨ ਯਾਦ ਕਰ ਕਰ ਕੇ ਤੜਪਦੀ ਰਹਿੰਦੀ ਹਾਂ - ਤੇ ਰਾਤੀਂ ਸੁਪਨੇ - ਉਹ ਵੀ ਤੁਹਾਡੀ ਲਪੇਟ ਵਿਚ ਬੜੇ ਚੰਗੇ ਲਗਦੇ ਨੇ। ਕਈ ਵਾਰੀ ਤੇ ਦਿਲ ਕਰਦਾ ਹੈ, ਉਹ ਮੁਕਣ ਹੀ ਨਾ, ਪਰ ਇਹ ਸੁਪਨੇ ਮੈਨੂੰ ਤਸੱਲੀ ਨਹੀਂ ਦੇ ਸਕਦੇ। ਬੇਸ਼ਕ ਅਸੀ ਦਿਲੋਂ ਨੇੜੇ ਹਾਂ, ਪਰ ਮੈਂ ਤੁਹਾਨੂੰ ਛੋਹ ਤੇ ਨਹੀਂ ਸਕਦੀ .... ....।ਜੇ ਮੈਨੂੰ ਪਤਾ ਹੁੰਦਾ ਤੁਸੀ ਏਨੇ ਛੇਤੀ ਚਲੇ ਜਾਣਾ ਹੈ, ਤਾਂ ਰਜ ਕੇ ਪਿਆਰ ਕਰ ਲੈਂਦੀ। ਕਿੰਨੇ ਇਕਰਾਰ ਹੋਰ ਲੈਂਦੀ - ਪਰ ਫੇਰ ਕੀ ਹੋ ਜਾਣਾ ਸੀ, ਸਗੋਂ ਹੋਰ ਮੁਸੀਬਤ ਸਹੇੜ ਲੈਂਦੀ। ਹੁਣ ਥੋੜਿਆਂ ਨੂੰ ਯਾਦ ਕਰ ਕੇ ਰੋਂਦੀ ਹਾਂ, ਫੇਰ ਬਹੁਤਿਆਂ ਨੂੰ ਕਰਦੀ।
ਕਈ ਵਾਰੀ ਐਵੇਂ ਝੂਠੀ ਉਮੀਦ ਵਿਚ ਵੀਰ ਜੀ ਦੇ ਕਮਰੇ ਅਗੋਂ ਲੰਘ ਜਾਂਦੀ ਹਾਂ। ਬੜੀਆਂ ਹਸਰਤ ਭਰੀਆਂ ਅੱਖਾਂ ਉਸ ਕੁਰਸੀ ਤੇ ਪੈਂਦੀਆਂ ਨੇ ਜਿੱਥੇ ਤਕ ਤੁਸੀ ਬੈਠਦੇ ਹੁੰਦੇ ਸਓ।
ਇਨ੍ਹਾਂ ਰੋਣਿਆਂ ਨਾਲ ਤੁਹਾਨੂੰ ਕੀ। ਹਾਂ ਸੱਚ, ਸੁਣਾਓ ਕਮਲਾ ਜੀ ਦਾ ਕੀ ਹਾਲ ਹੈ? ਮੇਰੀ ਯਾਦ ਪੁਚਾਈ ਸੀ ਕਿ ਨਹੀਂ? ਐਤਕਾਂ ਫੇਰ ਪੁਚਾਉਣੀ।
ਕੀ ਮੈਂ ਹਰ ਵਾਰੀ ਲਿਖਿਆ ਕਰਾਂ, ਕਿ ਜੁਆਬ ਜਲਦੀ ਤੋਂ ਜਲਦੀ ਦੇਣ ਦੀ ਕ੍ਰਿਪਾ ਕਰਿਆ ਕਰੋ, ਮੇਰੇ ਦੇਵਿੰਦਰ,
ਮੈਂ ਜੁ ਹੋਈ,
ਤੁਹਾਡੀ..............
੧੨੫