ਖ਼ਤ ਨੰ: ੫੭
ਪਿਆਰੇ ਦੇਵਿੰਦਰ ਜੀਓ,
ਤੁਸੀ ਇਕੋ ਵਾਰੀ ਬੀਮਾਰੀ ਦੀ ਖ਼ਬਰ ਪੁਛ ਕੇ ਫੇਰ ਸਾਰ ਨਾ ਲਈ, ਕਿ ਮੇਰਾ ਕੀ ਹਾਲ ਹੈ। ਹਾਂ ਤੁਹਾਨੂੰ ਮੈਂ ਲਿਖ ਜੁ ਦਿਤਾ ਸੀ, ਕਿ ਮੈਨੂੰ ਅਗੇ ਕੋਲੋਂ ਆਰਾਮ ਹੈ।
ਤੁਸੀ ਐਸ ਵੇਲੇ ਸ਼ਾਇਦ ਆਪਣੇ ਦੋਸਤਾਂ ਨਾਲ ਬੈਠੇ, ਦਿਲ ਨੂੰ ਖੁਸ਼ ਕਰ ਰਹੇ ਹੋਵੋਗੇ, ਪਰ ਇਕ ਮੈਂ ਬਦ-ਨਸੀਬ ਹਾਂ ਕਿ ਖ਼ਾਮੋਸ਼ ਇਕੱਲੀ ਬੈਠੀ ਹਾਂ......ਤੇ ਏਸੇ ਤਰ੍ਹਾਂ ਜਦੋਂ ਰਾਤ ਪਏਗੀ ਤਾਂ ਬੁਲ੍ਹਾਂ ਤੇ ਤੁਹਾਡਾ ਨਾਂ ਹੋਵੇਗਾ ......ਤੁਹਾਡੇ ਖ਼ਿਆਲ ਵਿਚ ਮਗਨ ਹੋਈ.....ਸ਼ਾਇਦ ਨੀਂਦ ਆ ਜਾਂਏ। ਜੇ ਜਾਗਾਂ ਤਾਂ ਵੀ ਤੁਹਾਡਾ ਖਿਆਲ, ਜੇ ਸੌਂਵਾ ਤਾਂ ਤੁਹਾਡੇ ਸਪਨੇ। ਦੇਵਿੰਦਰ ਸਾਰਿਆਂ ਵਿਚੋਂ ਤੁਹਾਨੂੰ ਚੁਣਿਆ। ਪਰ ਕਿਸਮਤ ਨੇ ਏਡੀ ਲੰਮੀ ਜੁਦਾਈ ਪਾ ਦਿਤੀ...... ਜੁਦਾਈ ਹੀ ਨਹੀਂ ਸਗੋਂ ਬੇ-ਪਰਵਾਹੀ ਵੀ ਪੈਰ ਪਸਾਰ ਰਹੀ ਹੈ।
ਤੁਸਾਂ ਹੀ ਤੇ ਮੈਨੂੰ ਕਿਹਾ ਸੀ “.........ਜੀ ਮੈਂ ਤੁਹਾਨੂੰ ਦਿਲਜਾਨ - ਆਬਰੂ – ਪਿਆਰ - ਜਜ਼ਬੇ.........ਖੁਸ਼ੀ........ਆਰਾਮ........ ਸਭ ਕੁਝ ਦੇ ਦਿੱਤਾ ਹੈ।"ਭੁਲ ਗਏ ਹੋ ਉਹ ਦਿਨ ? ਮੈਂ ਤੇ ਹੁਣ ਸੋਚਦੀ ਹਾਂ, ਕੀ ਤੁਸੀਂ ਹੁਣ ਮੇਰੇ ਕੋਲੋਂ ਸਭ ਕੁਝ ਵਾਪਸ ਲੈ ਲਿਆ ਹੈ ? ਮੇਰਾ ਹੁਣ ਤੁਹਾਡੇ ਤੇ ਕੋਈ ਅਖ਼ਤਿਆਰ ਨਹੀਂ ਰਿਹਾ ? ਕੋਈ ਜ਼ੋਰ ਨਹੀਂ.........