ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/175

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਗ ਬਣੀ ਹੋਈ ਹੈ। ਬਾਵਜੂਦ ਤੁਹਾਡੀ ਏਨੀ ਬੇ-ਵਫਾਈ ਦੇ ਮੈਂ ਤੁਹਾਡੇ ਕੋਲੋਂ ਵਖ ਨਹੀਂ ਹੋ ਸਕਦੀ। ਤੁਹਾਡੇ ਬਿਨਾਂ ਵੀ ਮੇਰਾ ਕੋਈ ਜਿਊਣਾ ਹੈ।

ਅਜ ਐਵੇਂ ਹੀ ਸ਼ੌਕ ਆਇਆ ਤੇ ਮੈਂ ਵੀਰ ਜੀ ਦੇ ਕਪੜੇ , ਪਾ ਕੇ ਸ਼ੀਸ਼ੇ ਅਗੇ ਖੜੀ ਹੋ ਗਈ। ਸੋਚਾਂ ਮੈਂ ਕੁੜੀ ਚੰਗੀ ਲਗਦੀ ਹਾਂ ਕਿ ਮੁੰਡਾ ?? ਪਰ ਅਫ਼ਸੋਸ ਇਹ ਸੀ, ਕਿ ਬਹੁਤੇ ਆਦਮੀਆਂ ਦੀ ਧੋਖੇ-ਥਾਜ਼ੀ, ਬੇ-ਵਫਾਈ, ਝੂਠੇ ਇਕਰਾਰ ਤੇ ਕੱਚਾ ਪਿਆਰ ਇਹ ਮੈਂ ਆਪਣੇ ਵਿਚ ਕਿਸ ਤਰਾਂ ਪਾਉਂਦੀ।

ਤੁਸੀ ਮੈਨੂੰ ਬੇਵਕੂਫ ਤੇ ਕਹੋਗੇ, ਪਰ ਇਹ ਬੇਵਕੂਫੀ ਮੇਰੇ ਅੰਦਰ ਅੱਗ ਭੜਕਾ ਦੇਂਦੀ ਹੈ। ਹਸਰਤਾਂ ਫੇਰ ਪੁੰਗਰਨ ਲਗ ਜਾਂਦੀਆਂ ਨੇ। ਉਮੰਗਾਂ ਬਾਰਸ਼ ਮਗਰੋਂ ਪੰਛੀਆਂ ਦੀ ਤਰ੍ਹਾਂ ਉਡਨ ਲਗ ਜਾਂਦੀਆਂ ਨੇ । ਕਈ ਉਮੀਦਾਂ ਬਝਦੀਆਂ ਨੇ ਫੇਰ ਰੇਤ ਦੇ ਕਿਲੇ ਦੀ ਤਰਾਂ ਤੁਹਾਡੀ ਕਠੋਰਤਾ ਦੀ ਠੌਕਰ ਨਾਲ ਢੇਰੀ ਹੋ ਜਾਂਦੀਆਂ ਨੇ। ਅੱਖਾਂ ਮੁਰਝਾਣ ਲਗ ਜਾਂਦੀਆਂ ਨੇ, ਬੁਲ੍ਹ ਖੁਸ਼ਕ ਹੋ ਜਾਂਦੇ ਨੇ ... ... ਫੇਰ ਗਮ ਦਾ ਸ਼ਿਕਾਰ ਬਣ ਜਾਂਦੀ ਹਾਂ ... ਉਸੇ ਤਰਾਂ ਜਿਸ ਤਰ੍ਹਾਂ ਕਿਸੇ ਜ਼ਖ਼ਮੀ ਜਾਨਵਰ ਨੂੰ ਗਿਧਾਂ ਆ ਘੇਰਦੀਆਂ ਨੇ ... ... ਮੈਨੂੰ ਕੁਝ ਯਕੀਨ ਹੁੰਦਾ ਜਾ ਰਿਹਾ ਹੈ ਕਿ ਕਮਲਾ ਦੀ ਰੰਗੀਨੀ ਨੇ ਤੁਹਾਡੇ ਦਿਲ ਵਿਚ ਮੇਰਾ ਬਹੁਤ ਸਾਰਾ ਹਿਸਾ ਕਢ ਦਿਤਾ ਹੈ।

ਦੇਵਿੰਦਰ ਜੀ, ਇਕ ਵਾਰੀ ਤੇ ਆ ਕੇ ਦੇਖੋ, ਕਿ ਮੇਰਾ ਕੋਈ ਵੀ ਹਮਦਰਦ ਨਹੀਂ। ਮੇਰੀਆਂ ਤਕਲੀਫਾਂ, ਮੁਸੀਬਤਾਂ ਵਿਚ ਮੇਰਾ ਕੋਈ ਵੀ ਸਾਥੀ ਨਹੀਂ। ਜਦੋਂ ਤੁਸੀ ਮੇਰੀ ਦੁਨੀਆਂ ਵਿਚ ਆਏ ਸਾਓ, ਤਾਂ ਮੇਰੇ ਚਾਰੇ ਪਾਸੇ ਜੰਗਲੀ ਚੰਬੇਲੀ ਤਰਾ ਰੀਝਾ ਦੇ ਫੁਲ ਲਗ ਗਏ ਸਨ । ਮੈਂ ਸਮਝਦੀ ਸਾਂ, ਏਨੀਆਂ ਖੁਸ਼ੀਆਂ ਦੇ ਹੁੰਦਿਆਂ, ਮੈਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਪੈਣੀ।

ਪਰ ਹੁਣ ਤੇ ਕਾਲੇ ਘਨਘੋਰ ਬਦਲ ਮੇਰੀ ਹਸਤੀ ਤੇ ਛਾਏ ਹੋਏ ਨੇ, ਤੇ ਸਭ ਤੋਂ ਵੱਡੀ ਮੁਸੀਬਤ ਇਹ ਹੈ, ਕਿ ਇਨ੍ਹਾਂ ਵਿਚੋਂ ਕਈ ਵਾਰੀ ਬਿਜਲੀ ਚਮਕ ਪੈਂਦੀ ਹੈ।

੧੬੧