ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/176

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

ਸਚ ਮੁਚ, ਸਾਰੀਆਂ ਹੀ ਖ਼ੁਸ਼ੀਆਂ, ਗਮੀ ਵਿਚ ਬਦਲਦੀਆਂ ਜਾ ਰਹੀਆਂ ਨੇ। ਮੇਰੀ ਇਹ ਬੜੀ ਖ਼ਾਹਿਸ਼ ਹੈ, ਕਿ ਤੁਸੀ ਇਕ ਵਾਰੀ ਆ ਕੇ, ਮੈਨੂੰ ਇਹਨਾਂ ਮੁਸੀਬਤਾਂ ਤੋਂ ਆਜ਼ਾਦੀ ਦਵਾ ਦਿਓ। ਮੇਰੇ ਕਮਜ਼ੋਰ ਹੋ ਰਹੇ ਦਿਲ ਨੂੰ ਜ਼ਬਤ ਦੀ ਤਾਕਤ ਦਿਉ। ਸਬਰ ਤੇ ਹਿੰਮਤ ਨੂੰ ਮੇਰੇ ਵਿਚ ਕੁਟ ਕੁਟ ਕੇ ਭਰ ਦਿਉ, ਤਾਂ ਜੁ ਮੈਂ ਜੀਵਨ ਦੇ ਖਤਰਿਆਂ ਦਾ ਮੁਕਾਬਲਾ ਬਹਾਦਰੀ ਨਾਲ ਕਰ ਸਕਾਂ! ਮੇਰੇ ਚੰਗੇ ਦੇਵਿੰਦਰ ਮੇਂ ਐਵੇਂ ਹੀ ਬਰਬਾਦ ਨਹੀਂ ਹੋਣਾ ਚਾਹੁੰਦੀ।

ਮੇਰਾ ਹਰ ਦਿਨ ਨਵਿਆਂ ਇਰਾਦਿਆਂ ਨਾਲ ਸ਼ੁਰੂ ਹੋ ਕੇ, ਸ਼ਾਮ ਨੂੰ ਤਸੱਲੀ ਜਿਹੀ ਨਾਲ ਖ਼ਤਮ ਹੋ ਜਾਂਦਾ ਹੈ।

ਮੈਂ ਜਦੋਂ ਕਦੀ ਤੁਹਾਨੂੰ ਲਭਣ ਲਈ ਖ਼ਿਆਲ ਕਰਦੀ ਹਾਂ, ਤਾਂ ਤੁਸੀ ਮੇਰੇ ਦਿਲ ਦੀ ਕਿਸੇ ਨੁਕਰ ਵਿਚ ਬੈਠੇ ਝਾਤੀਆਂ ਮਾਰ ਰਹੇ ਹੁੰਦੇ ਹੋ। ਤੁਹਾਡੀ ਮੌਜੂਦਗੀ ਦਾ ਮੈਂ ਅਹਿਸਾਸ ਤੇ ਕਰਦੀ ਹਾਂ, ਪਰ ਪਤਾ ਨਹੀਂ ਲਗਦਾ ਇਹ ਅਹਿਸਾਸ ਦੀ ਖਿੱਚ ਕਿਉਂ ਮੱਧਮ ਹੁੰਦੀ ਜਾ ਰਹੀ ਹੈ।

ਤੁਸੀ ਇਕ ਵਾਰੀ ਮੈਨੂੰ ਲਿਖਿਆ ਸੀ "ਮੈਨੂੰ ਤੁਹਾਡੇ ਖ਼ਿਆਲ ਚੰਗੇ ਲਗਦੇ ਨੇ, ਪਰ ਕਈਆਂ ਨਾਲ ਮੈਂ ਸਹਿਮਤ ਨਹੀਂ। "

ਕੀ ਖ਼ਤ ਨਾ ਪਾਉਣ ਦੀ ਇਹੋ ਵਜ੍ਹਾ ਤੇ ਨਹੀਂ ? ਤੁਹਾਨੂੰ ਦਸਣ ਵਿਚ ਤੇ ਕੋਈ ਮੁੱਲ ਨਹੀਂ ਲਗਦਾ। ਜ਼ਰੂਰ ਲਿਖਣਾ। ਮੈਂ ਇਸ ਦਾ ਜਵਾਬ ਬੜੀ ਬੇ-ਚੈਨੀ ਨਾਲ ਉਡੀਕਾਂਗੀ।

ਤੁਹਾਡੀ...............