ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/181

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਖ਼ਤ ਨੰ: ੬੪

 

ਦੇਵਿੰਦਰ ਜੀਓ,

ਤੁਹਾਡੇ ਖ਼ਤ ਮੇਰੇ ਲਈ ਇਜ਼ਰਾਈਲ ਦੇ ਫ਼ਰਿਸ਼ਤੇ ਬਣ ਗਏ ਹਨ। ਸੱਚ ਮੁਚ ਹੀ ਤੁਹਾਨੂੰ ਮੇਰੇ ਲਈ ਇਕ ਵੀ ਸਤਰ ਲਿਖਣ ਦਾ ਵਕਤ ਨਹੀਂ ਮਿਲਦਾ ? ਏਨਾ ਕਠੋਰ ਨਹੀਂ ਬਣੀਦਾ । ਪਰ ਸ਼ਾਇਦ ਮੇਰੇ ਖ਼ਤ ਤੁਹਾਨੂੰ ਉਕੌਣ ਲਗ ਪਏ ਹੋਣ ਤੇ ਤੁਸੀ ਹੈਂਡਰਾਈਟਿੰਗ ਹੀ ਦੇਖ ਕੇ ਰੱਦੀ ਦੀ ਟੋਕਰੀ ਵਿਚ ਸਟ ਦੇਂਦੇ ਹੋਵੋ। ਨਹੀਂ ਏਨੀ ਨਾ-ਕਦਰੀ ਤੇ ਨਹੀਂ ਹੋ ਸਕਦੀ। ਨਹੀਂ ਤੇ ਤੁਸੀ ਮੈਨੂੰ ਲਿਖ ਹੀ ਛਡਦੇ "ਮੇਰੇ ਪਾਸ ਵਕਤ ਨਹੀਂ।" ਤੇ ਮੈਂ ਹੋਰ ਖ਼ਤ ਨਾ ਲਿਖਦੀ।"

ਪਰ ਹੁਣ ਮੈਂ ਕੀ ਕਰਾਂ, ਪੜ੍ਹੀ ਹੋਈ ਹਾਂ ਸੋਚ ਸਕਦੀ ਹਾਂ ... ... ਸਾਰੇ ਖ਼ਿਆਲ ਸਾਂਭ ਕੇ ਦਿਮਾਗ਼ ਵਿਚ ਨਹੀਂ ਰੱਖੇ ਜਾ ਸਕਦੇ, ਨਹੀਂ ਤੇ ਹੁਣ ਚਰੋਕਣੀ ਪਾਗਲ ਹੋ ਗਈ ਹੁੰਦੀ। ਹਾਲੀ ਵੀ ਏਨਾ ਕੁਝ ਲਿਖੀ ਜਾਣ ਤੇ ਦਿਮਾਗ਼ ਭਾਰਾ ਰਹਿੰਦਾ ਹੈ। ਹੁਣ ਤੇ ਆਪਣੇ ਆਪ ਨੂੰ ਇਹ ਕਹਿੰਦੀ ਹਾਂ, ਪਰ ਡਰ ਹੈ ਕਿਸੇ ਦਿਨ ਦੁਨੀਆ ਨਾ ਕਹਿਣ ਲਗ ਪਵੇ । ਫਿਰ ਕੀ ਬਣੇਗਾ ? ਦੇਵਿੰਦਰ, ਬਚਾਈਂ! ਮੈਨੂੰ ਇਹ ਸੋਚ ਕੇ ਡਰ ਆ ਰਿਹਾ ਹੈ ... ਮੇਰੀ ਕੀ ਦੁਰਦਸ਼ਾ ਹੋਵੇਗੀ ... ... ਸਾਰੇ ਦੁਰਕਾਰਨਗੇ ... ... ਕਿਸੇ ਪੁਛਣਾ ਨਹੀਂ .. .. ਲੋਕ ਹੱਸਣਗੇ .... ... ਮਖੌਲ ਕਰਨਗੇ ... ... ਦੇਖੀਂ ਮੇਰੇ ਕਠੋਰ ਦੇਵਤਾ ਕਿਤੇ ਇਹ ਦਿਨ ਨਾ ਦਿਖਾਈ। ਬਸ ਦੇਵਿੰਦਰ ਹੋਰ ਨਹੀਂ ਲਿਖ ਸਕਦੀ। ਕਲਮ ਦੀ ਥਾਂ ਅੱਥਰੁ ਜੁ ਚਲਣੇ ਸ਼ੁਰੂ ਹੋ ਗਏ ਨੇ।

ਤੁਹਾਡੀ ਬਰਬਾਦ ਹੋ ਰਹੀ ... ... ...

੧੬੭