ਦੇਵਿੰਦਰ ਜੀ, ਤੁਸੀ ਮੈਨੂੰ ਭੁਲਦੇ ਜਾ ਰਹੇ ਹੋ । ਕਾਸ਼ ! ਮੈਂ ਵੀ ਇਸੇ ਤਰਾਂ ਕਰਦੀ । ਪਰ ਮੈਂ ਤੇ ਭੁਲਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਸਗੋਂ ਤੁਹਾਨੂੰ ਯਾਦ ਰਖਣਾ ਹੀ ਮੇਰੇ ਜੀਵਨ ਦਾ ਸਹਾਰਾ ਹੈ।
ਮੇਰੀਆਂ ਖ਼ਾਹਿਸ਼ਾਂ ਨੂੰ ਜੇ ਇਸੇ ਤਰਾਂ ਠੁਕਰਾਉਂਣਾ ਸੀ, ਤਾਂ ਪਹਿਲੋਂ ਹੀ ਠੁਕਰਾ ਦੇਂਦੇ। ਮੈ ਇਸ ਤਰਾਂ ਬਰਬਾਦ ਤੇ ਨਾ ਹੁੰਦੀ। ਹਾਂ, - ਤੁਸੀ ਹੀ ਤੇ ਅੱਗ ਲਾਈ, ਹੁਣ ਤੁਸੀ ਹੀ ਕਿਉਂ ਬੁਝਾਓ। ਦੇਖੋ - - ਮੁਹੱਬਤ ਬੇਗਰਜ਼ ਹੈ, ਇਸ ਲਈ ਮੇਰੀ ਤਮੰਨਾ ਨਹੀਂ -- ਕੋਈ ਖਾਹਿਸ਼ ਨਹੀਂ - ਕੋਈ ਅਰਮਾਨ ਨਹੀਂ - - ਕੋਈ ਹਸਰਤ ਨਹੀਂ। ਪਰ ਇਕ ਬੇਨਤੀ ਜ਼ਰੂਰ ਹੈ ਕਿ ਮੇਰੇ ਲਈ ਨਾ ਸਹੀ -- ਪਿਆਰ ਦੀ ਜ਼ਰੂਰ ਲਾਜ ਰਖਣੀ। ਕਿਸੇ ਤਰ੍ਹਾਂ ਇਸ ਨੂੰ ਨਾ ਧੱਬਾ ਲੱਗੇ -- ਕੋਈ ਤੁਹਾਡੇ ਵਲ ਉਂਗਲੀ ਕਰ ਕੇ ਤੁਹਾਨੂੰ ਨਾ ਇਲਜ਼ਾਮ ਦੇਵੇ -- ਤੁਹਾਡੀ ਬਦਨਾਮੀ ਨਾਲ ਮੇਰੀ ਵੀ ਬਦਨਾਮੀ ਹੋ ਜਾਏਗੀ।
ਦੇਵਿੰਦਰ ਜੀ, ਸਚੀਂ ਜੋ ਤੁਹਾਡੇ ਵਲੋਂ ਮੈਨੂੰ ਪਿਆਰ ਮਿਲ ਜਾਂਦਾ, ਤਾਂ ਮੇਰਾ ਜੀਵਨ ਤੇ ਭਾਵੇਂ ਸੁੰਦਰ ਬਣ ਜਾਂਦਾ, ਪਰ ਤੁਹਾਨੂੰ ਵੀ ਇਕ ਅਜੀਬ ਰੂਹਾਨੀ ਨਿੱਘ ਮਿਲਣਾ ਸੀ, ਜਿਹੜਾ ਇਸ ਠੰਡ ਵਿਚ, ਹੋਰ ਕਿਸੇ ਤਰ੍ਹਾਂ ਮੁਮਕਿਨ ਨਹੀਂ, ਕਿਉਂਕਿ ਮੇਰੇ ਵਰਗਾ ਤੁਹਾਨੂੰ ਕੋਈ ਹੋਰ ਪਿਆਰ ਨਹੀਂ ਕਰ ਸਕਦਾ । ਕਮਲਾ ਨਾਲ ਮੈਨੂੰ ਤੁਹਾਡੇ ਪਿ- - ਦਾ ਰਸ਼ਕ ਜ਼ਰੂਰ ਹੈ, ਪਰ ਇਸ ਨਾਲੋਂ ਵਧੀਕ ਮੈਨੂੰ ਤੁਹਾਡੀ ਹਾਲਤ ਤੇ ਤਰਸ ਆਉਂਦਾ ਹੈ, ਕਿਉਂਕਿ ਮੇਰੇ ਬਿਨਾਂ ਤੁਹਾਡੀਆਂ ਗੱਲਾਂ ਤੇ ਜਜ਼ਬਿਆਂ ਦਾ ਹੋਰ ਕੋਈ ਠੀਕ ਮਤਲਬ ਨਹੀਂ ਸਮਝ ਸਕਦਾ, ਤੇ ਨਾ ਤੁਹਾਡਾ ਕੋਈ ਮੇਰੇ ਜਿੰਨਾ ਮੁਲ ਪਾ ਸਕਦਾ ਹੈ।
ਜੁਆਬ ਦੀ ਆਸ ਕਿਸ ਤਰ੍ਹਾਂ ਰੱਖਾਂ ਤੁਹਾਨੂੰ ਆਪ ਹੀ ਸ਼ਾਇਦ ਕਦੀ ਤਰਸ ਆ ਜਾਵੇ।
ਏਸ ਭਰੀ ਦੁਨੀਆ ਵਿਚ,
ਤੁਹਾਡੀ ਇਕੱਲੀ..............