ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/191

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਲ ਕਈ ਵਾਰੀ "ਹਾਂ"ਕਹਿ ਦੇਂਦਾ ਹੈ, ਜਿਸ ਦਾ ਸਬੂਤ ਉਹ ਇਸ ਤਰਾਂ ਦੇਂਦਾ ਹੈ, ਕਿ ਕੀ ਸੋਹਣੇ ਜਿਹੇ ਨਿਰਮਲ ਪਾਣੀ ਦੀ ਡੂੰਘੀ ਝੀਲ ਵਿਚ ਬਦਬੋਦਾਰ ਪੌਦੇ ਉਗਣੇ ਸ਼ੁਰੂ ਨਹੀਂ ਹੋ ਜਾਂਦੇ ? ਝੀਲ ਦੇ ਪਾਣੀ ਨੂੰ ਪੀਉ, ਸੁਆਦ ਆ ਜਾਂਦਾ ਹੈ; ਪੌਦੇ ਦੇ ਪੱਤੇ ਨੂੰ ਚੱਖੋ ਨਰਕ ਵਾਂਗ ਕੌੜਾ ਲਗਦਾਹੈ - ਸਵਰਗ ਤੇ ਨਰਕ ਇਕੋ ਥਾਂ - ਹੈ ਨਾ ਅਜ਼ੀਬ ?" ਪਰ ਕੀ ਮੈਂ ਤੁਹਾਨੂੰ ਨਫਰਤ ਕਰ ਸਕਦੀ ਹਾਂ ? ਕਦੀ ਨਹੀਂ। ਤੁਸੀਂ ਮੇਰੇ ਪਿਆਰ ਦੇ ਮੁਕਾਬਲੇ ਵਿਚ ਸੌਵਾਂ ਹਿੱਸਾ ਵੀ ਮੈਨੂੰ ਪਿਆਰ ਕਰੀ ਜਾਉ, ਤਾਂ ਵੀ ਮੇਰੀ ਦੁਨੀਆ ਵਿਚ ਤੁਸੀਂ ਸਭ ਤੋਂ ਵਧੀਕ ਚਮਕੋਗੇ।

ਦਵਿੰਦਰ ਜੀ, ਤੁਸੀਂ ਮੇਰੇ ਪਿਆਰ ਦਾ ਮੁਕਾਬਲਾ ਕਿਸੇ ਦੇ ਪਿਆਰ ਨਾਲ ਪੂਰੀ ਸਫ਼ਾਈ ਤੇ ਇਨਸਾਫ਼ ਨਾਲ ਨਹੀਂ ਕੀਤਾ। ਮੈਨੂੰ ਆਪਣੀਆਂ ਕਮਜ਼ੋਰੀਆਂ ਦਸ ਕੇ ਮੇਰੇ ਵੀ ਬਿਆਨ ਲੈਣ ਦਾ ਮੌਕਾ ਨਹੀਂ ਦਿੱਤਾ। ਮੈਂ ਕਿਸ ਤਰਾਂ ਯਕੀਨ ਦੁਆਵਾਂ ਕਿ ਮੇਰਾ ਪਿਆਰ ਸਭ ਤੋਂ ਮਿੱਠਾ ਹੈ ਜਿਸ ਨੂੰ ਤੁਸੀਂ ਪੂਰੀ ਤਰ੍ਹਾਂ ਚੱਖਿਆ ਹੀ ਨਹੀਂ, ਪਰਖਿਆ ਹੀ ਨਹੀਂ ਤੇ ਐਵੇਂ ਦਿਲ ਫੇਰ ਲਿਆ ਹੈ।

ਕੀ ਮੇਰੇ ਸਾਰੇ ਸੁਪਨੇ, ਸਾਰੇ ਖ਼ਿਆਲ, ਸਾਰੇ ਇਰਾਦੇ ਝੂਠੇ ਹੀ ਸਾਬਤ ਹੋਣਗੇ ? ਕੀ ਮੈਂ ਆਪਣੀ ਖੁਸ਼ੀ ਨੂੰ ਐਵੇਂ ਹੀ ਬਰਬਾਦ ਕਰਦੀ ਰਹੀ? ਮੈਨੂੰ ਕੀ ਪਤਾ ਕਿ ਇਹ ਸਾਰਾ ਕੁਝ ਇਕ ਸੁਪਨਾ ਸੀ, ਜਿਸ ਨੇ ਅਸਲੀਅਤ ਵਿਚ ਨਹੀਂ ਸੀ ਬਦਲਣਾ।

ਤੁਹਾਡੀ ਵਿਸਰ ਰਹੀ----

੧੭੭