ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/203

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਸਮਾਨੀ ਤੇ ਥੋੜਾ ਰੂਹਾਨੀ ਸੀ ...... ਤੇ ਫੇਰ ਵੀ ਤੁਸੀ ਮੈਨੂੰ ਯਕੀਨ ਦਵਾਉਣ ਦੀ ਕੋਸ਼ਿਸ਼ ਕਰਦੇ ਸਓ ... ... ਕਿ "ਮੈਂ ਸਭ ਕੁਝ ਤੇਰਾ ਹਾਂ" ਤੇ ਇਹ ਇਕ ਉਹ ਖੁਸ਼ੀ ਹੁੰਦੀ ਸੀ ਜਿਸ ਕਰ ਕੇ ਮੇਰੀ ਰੂਹ ਮੇਰੇ ਜਿਸਮ ਚੋਂ ਬਗ਼ਾਵਤ ਕਰ ਕੇ, ਤੁਹਾਨੂੰ ਆਪਣਾ ਉਚਾ ਦਰਜਾ ਦੇਂਦੀ ਸੀ ...... ਸਭ ਤੋਂ ਚਮਕੀਲਾ ਸੁਪਨਾ ਸਮਝਦੀ ਸੀ ..... ਤੁਹਾਨੂੰ ਸਦੀਵੀ ਸਮਝਦੀ ਸੀ... ... ਤੁਹਾਨੂੰ ਹੀ ਬਹਿਸ਼ਤ ਜਾਣਦੀ ਸੀ । ਇਸ ਦੀ ਸਾਰੀ ਸ਼ਾਨ, ਜਵਾਨੀ ਤੇ ਨਰਮੀ ... ... ਸਭ ਕੁਝ ਤੁਹਾਡੀ ਹੋ ਜਾਂਦੀ ਸੀ। ਹੁਣ ਮੈਨੂੰ ਕਦੀ ਗੁੱਸਾ ਵੀ ਆ ਜਾਂਦਾ ਹੈ, ਕਿ ਤੁਸੀਂ ਮੇਰੇ ਅਗੇ ਕਿੰਨੇ ਸਿਆਣੇ ਬਣ ਬਣ ਬਹਿੰਦੇ ਸਓ। ਪਰ ਮੈਂ ਵੀ ਤੇ ਇਹ ਕੁਝ ਚਾਹੁੰਦੀ ਸਾਂ, ਦਿਲ ਜੇ ਇਹੋ ਮੰਗਦਾ ਸੀ।

ਕਈ ਵਾਰੀ ਤੁਹਾਡੇ ਵਰਗੇ, ਉਨਾਂ ਨਾਲ ਹੀ ਜ਼ਾਲਮਾਨਾ ਵਰਤਾਓ ਕਰਦੇ ਨੇ, ਜਿਹੜੇ ਉਨਾਂ ਨੂੰ ਪਿਆਰ ਕਰਦੇ ਨੇ - ਤੇ ਫੇਰ ਜਦ ਉਹ ਜ਼ਰਾ ਪਿਛੇ ਹਟ ਕੇ ਸੋਚਣ ਲਗ ਜਾਂਦੇ ਨੇ, ਕਿ ਉਨ੍ਹਾਂ ਨੇ ਕਿਉਂ ਆਪਣਾ ਆਪ ਉਨ੍ਹਾਂ ਦੇ ਹਵਾਲੇ ਕਰ ਕੇ ਤੁਹਾਡੇ ਵਰਗਿਆਂ ਤੇ ਇਤਬਾਰ ਕੀਤਾ, ਉਸ ਵੇਲੇ ਉਹ ਤੁਹਾਡੇ ਵਰਗਿਆਂ ਨਾਲ ਹੋਰ ਜੁੜੇ ਰਹਿਣ ਨਾਲੋਂ ਮਰ ਜਾਣਾ ਚੰਗਾ ਸਮਝਦੇ ਨੇ। ਮੇਰਾ ਵੀ ਇਹੋ ਖ਼ਿਆਲ ਹੈ ਕਿ ਮੈਂ ਵੀ ਬਹੁਤ ਵਾਰੀ ਤੁਹਾਡੀ ਠੰਡ- ਦਿਲੀ ਤੋਂ ਮਰ ਜਾਣਾ ਹੀ ਚੰਗਾ ਸਮਝਦੀ ਸਾਂ। ਅਸਲ ਵਿਚ ਮੌਤ ਇਸ ਗੱਲ ਨਾਲੋਂ ਹੈ ਵੀ ਸੌਖੀ ਕਿ ਹੌਲੀ ਹੌਲੀ ਦਿਲ ਜ਼ਬਾਹ ਹੁੰਦਾ ਚਲਾ ਜਾਏ, ਤੇ ਫੇਰ ਵੀ ਮੌਤ ਹੋਵੇ।

ਦੇਵਿੰਦਰ ਜੀ, ਮੈਨੂੰ ਦਸੋ ਤੇ ਸਹੀ, ਕਿ ਕੀ ਇਹ ਸਚ ਮੁਚ ਬੜੀ ਔਖੀ ਗੱਲ ਹੈ ਕਿ ਕੋਈ ਆਦਮੀ ਆਪਣੀ ਪਿਆਰ ਕਰਨ ਵਾਲੀ ਲੜਕੀ ਜਾਂ ਇਸਤ੍ਰੀ ਨਾਲ ਨਰਮ ਰਹੇ ? ਮੈਂ ਇਹ ਗੱਲ ਬਿਨਾਂ ਤੁਹਾਨੂੰ ਦੁਖ ਦੇਣ ਦੇ ਪੁੱਛ ਰਹੀ ਹਾਂ,ਕਿਉਂ ਕਿ ਤੁਹਾਡੇ ਵਰਗਿਆਂ ਦਾ ਨਰਮੀ ਤੇ ਕਾਬੂ ਨਹੀਂ ਹੁੰਦਾ।

ਮੈਨੂੰ ਪਤਾ ਨਹੀਂ ਲਗਦਾ ਤੇ ਨਾ ਹੀ ਹੁਣ ਮੇਰੇ ਕੋਲ ਦਸਣ ਵਾਲਾ ਕੋਈ ਸਬੱਬ ਹੈ ਕਿ ਮੈਂ ਏਨਾ ਚਿਰ ਤੁਹਾਨੂੰ ਕਿਉਂ ਪਿਆਰ ਕਰਦੀ ਰਹੀ।

੧੮੯