ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/206

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੁਹਾਡੇ ਪਿਆਰ ਦੀ ਤਪਸ਼ ਵੀ ਤੇਜ਼ ਹੁੰਦੀ ਜਾਂਦੀ ... ... ਬਰਫ਼ ਚੋਂ ਪਾਣੀ ਦੀਆਂ ਧਾਰਾਂ ਵਗਦੀਆਂ ...... ਨਦੀਆਂ ਬਣ ਜਾਂਦੀਆਂ, ਹੜ ਆ ਜਾਦਾਂ, ਤੇ ਮੇਰੇ ਪੁਰਾਣੇ ਦਵਿੰਦਰ, ਮੇਰਾ ਜੀਵਨ ਮੁੜ ਇਕ ਵਾਰੀ ਚਮਕੀਲਾ ਬਣ ਜਾਂਦਾ । ਮੁਰਝਾਹਟ ਦੂਰ ਹੋ ਕੇ ਮੇਰੀ ਰੂਹ ਫੇਰ ਚਮਕ ਪੈਂਦੀ। ਜੋਸ਼ ਤੇ ਉਮੰਗਾਂ ਨਾਲ ਉਡਾਰੀ ਲਾ ਕੇ ਫੇਰ ਮੈਂ ਤੁਹਾਡੇ ਨਾਲ ਰਚ ਮਿਚ ਜਾਂਦੀ। ਇਹ ਸੀ ਤੁਹਾਡੇ ਪਿਆਰ ਦਾ ਗੁੱਝਾ ਅਸਰ ਮੇਰੇ ਤੇ, ਜਿਸ ਦੇ ਅਸਰ ਹੇਠ ਮੈਂ ਬੀਤ ਰਹੇ ਦਿਨ ਕਟਦੀ ਰਹੀ।

ਪਰ ਹੁਣ ਹੌਲੀ ਹੌਲੀ ਮੈਨੂੰ ਤੁਹਾਡੀਆਂ ਅਸਲੀਅਤਾਂ ਨਜ਼ਰ ਆ ਰਹੀਆਂ ਨੇ। ਤੁਹਾਡੇ ਹੀ ਸੁਨ ਹਿਰੀ ਹਥਾਂ ਨੇ ਮੇਰੇ ਸੁਪਨਿਆਂ ਦੀ ਤਾਣੀ ਨੂੰ ਤੋੜ ਸੁਟਿਆ ਤੇ ਤੁਹਾਡੀ ਖ਼ੁਦਗਰਜ਼ੀ ਨੇ ਹੁਣ ਤੁਹਾਨੂੰ ਮੇਰੀਆ ਅੱਖਾਂ ਅਗੇ ਉਨਾਂ ਉੱਚਾ ਨਹੀਂ ਰਹਿਣ ਦਿੱਤਾ ... ... ।

ਹੌਲੀ ਹੌਲੀ ਮੈਨੂੰ ਪਤਾ ਲਗਦਾ ਜਾ ਰਿਹਾ ਹੈ ਕਿ ਮੈਂ ਆਪਣਾ ਆਪ ਐਵੇਂ ਹੀ ਓਸ ਥਾਂ ਦਈ ਰਖਿਆ, ਜਿਥੇ ਮੇਰੀ ਸਖ਼ਤ ਨਾ-ਕਦਰੀ ਹੋਣੀ – ਸੀ। ਮੇਰੀ ਰੂਹ ਨੂੰ ਉਨਾਂ ਭੜਕੀਲੇ ਕਪੜਿਆਂ ਵਿਚ ਤੁਸੀਂ ਲਪੇਟੀ ਰੱਖਿਆ ਜਿਨ੍ਹਾਂ ਦੀ ਬਣਤਰ ਬਿਲਕੁਲ ਕੱਚੀ ਸੀ। ਮੇਰੀ ਰੂਹ ਨੂੰ ਅਨੇਕਾਂ ਏਹੋ ਜਿਹੇ ਜ਼ਖ਼ਮ ਲਗੇ ਸਨ, ਜਿਹੜੇ ਬੇ-ਇਲਾਜ ਦਿਸਦੇ ਸਨ, ਕਿਉਂਕਿ ਇਸ ਨਾਲ ਸਖਤ, ਬੇ-ਇਨਸਾਫ਼ੀ ਹੋਈ ... ... ਪਰ ਮੇਰਾ ਜੀਵਨ ਕੁਝ ਇਸ ਤਰਾਂ ਪਲਟਾ ਖਾ ਰਿਹਾ ਹੈ, ਕਿ ਇਹ ਜ਼ਖ਼ਮ ਕਿਸੇ ਅਜੀਬ ਅੰਦਰਲੀ ਤਾਕਤ ਨਾਲ ਜਾ ਮਿਲਦੇ ਰਹੇ ਨੇ।

ਮੈਨੂੰ ਹੁਣ ਪਤਾ ਲਗ ਰਿਹਾ ਹੈ ਕਿ ਤੁਹਾਡੇ ਆਪਣੇ ਵਿਚ ਇੰਨਾਂ ਕੁਝ ਨਹੀਂ ਸੀ। ਜੋ ਕੁਝ ਤੁਸੀ ਮੈਨੂੰ ਲਗਦੇ ਸਉ, ਉਹ ਮੈਂ ਹੀ ਤੁਹਾਨੂੰ ਬਣਾਇਆ ਹੋਇਆ ਸੀ। ਤੁਹਾਡੀ ਸ਼ਖ਼ਸੀਅਤ, ਏਡਾ ਉੱਚਾ ਇਖ਼ਲਾਕ ਚੰਗੀ ਰਹਿਣੀ ਬਹਿਣੀ ... ... ਸਭ ਮੇਰਾ ਤਸੱਵਰ ਸੀ। ਤੁਸੀਂ ਮਨੁਖੀ ਢਾਂਚਾ ਸਉ ਜਿਸ ਨੂੰ ਮੇਰੇ ਪਿਆਰ ਦੀ ਕਾਰੀਗਰੀ ਨੇ ਇਕ ਫ਼ਰਿਸ਼ਤਾ ਬਣਾ ਦਿੱਤਾ ਸੀ। ਇਹ ਹੁਣ ਤੁਹਾਡਾ ਆਪਣਾ ਕਸੂਰ ਹੀ ਹੈ, ਜਿਸ ਦੇ