ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/211

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਤ ਨੰ: ੭੪

ਦੇਵਿੰਦਰ ਜੀਓ,

ਹਾਂ, ਸੋ ਮੈਂ ਤੁਹਾਡੇ ਆਲੇ ਦੁਆਲੇ ਆਪਣੇ ਖ਼ਿਆਲਾਂ ਦੇ ਮੁਤਾਬਕ ਤੁਹਾਡਾ ਇਕ ਹੋਰ ਢਾਂਚਾ ਬਣਾਇਆ ਹੋਇਆ ਸੀ, ਜਿਸ ਵਿਚ ਜੋ ਕੁਝ ਤੁਸੀ ਅਸਲ ਵਿਚ ਹੋ, ਉਹ ਲੁਕ ਗਿਆ ਸੀ ਤੇ ਹੁਣ ਜਿੰਨਾ ਕੁ ਮੈਨੂੰ ਪਛਤਾਵਾ ਲਗਦਾ ਹੈ, ਉਹ ਮੇਰੇ ਆਪਣੇ ਹੀ ਕੀਤੇ ਹੋਏ ਪਿਆਰ ਦਾ ਨਤੀਜਾ ਹੈ।

ਜਿਸ ਤਰ੍ਹਾਂ ਕਈ ਅਨਜਾਣ ਤੇ ਭੇਲੇ ਲੋਕ ਮਿੱਟੀ ਜਾਂ ਪਥਰ ਦਾ ਬੁਤ ਬਣਾ ਕੇ ਉਸ ਨੂੰ ਪੂਜਣ ਲਗ ਜਾਂਦੇ ਹਨ ... .... ਤੇ ਉੱਕਾ ਹੀ ਭੁਲ ਜਾਂਦੇ ਹਨ ਕਿ ਉਹ ਬੁਤ ਉਨ੍ਹਾਂ ਨੇ ਆਪ ਹੀ ਜਾਂ ਉਨ੍ਹਾਂ ਵਰਗੇ ਕਿਸੇ ਹੋਰ ਆਦਮੀ ਨੇ ਆਪਣੇ ਹੱਥੀਂ ਆਪਣੇ ਖ਼ਿਆਲਾਂ ਨਾਲ ਬਣਾਇਆ ਸੀ - ਉਸੇ ਨੂੰ ਫੇਰ ਉਹ ਆਪਣਾ ਦੇਵਤਾ ਸਮਝਣ ਲਗ ਜਾਂਦੇ ਨੇ।

ਇਹੋ ਜਿਹੀਆਂ ਕਈ ਹਜ਼ਾਰਾਂ ਲੜਕੀਆਂ ਤੇ ਔਰਤਾਂ ਹਨ ਜਿਹੜੀਆਂ ਮੇਰੇ ਵਾਂਗ ਜਾਨ ਬੂਝ ਕੇ ਧੋਖਾ ਖਾ ਲੈਂਦੀਆਂ ਹਨ, ਕਿਉਂਕਿ ਪਿਆਰ ਦੀ ਪਹਿਲੀ ਖ਼ੁਸ਼ੀ ਦੀ ਲਿਸ਼ਕ ਉਹਨਾਂ ਦੀ ਦਲੀਲ ਕਰਨ ਦੀ ਤਾਕਤ ਨੂੰ ਏਸ ਤਰ੍ਹਾਂ ਲਪੇਟ ਲੈਂਦੀ ਹੈ ਕਿ ਉਹਨਾਂ ਨੂੰ ਕੋਈ ਵੀ ਠੀਕ ਨਤੀਜਾ ਜਾਂ ਅੰਤ ਪਤਾ ਨਹੀਂ ਲਗਦਾ। ਉਹ ਹਰ ਗਲ ਦੀ ਉਮੈਦ ਤੇ ਇਤਬਾਰ ਕਰਦੀਆਂ ਆਪਣੇ ਭਾਵ ਨੂੰ ਪੂਰਾ ਦੇਖਣ ਦੀ ਖੁਸ਼ੀ ਵਿਚ ਏਸ ਪਿਆਰ ਦੀ ਸੜਕ ਤੇ ਬਿਨਾਂ ਸੱਜੇ-ਖੱਬੇ ਦੇਖੇ ਦਬਾ ਦਬ ਤੁਰਦੀਆਂ ਚਲੀਆਂ ਜਾਂਦੀਆਂ

੧੯੭