ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/223

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੋ ਪਿਆਰ ਉਹੋ ਕੁਝ ਹੈ ਜੋ ਕੁਝ ਮੈਂ ਜਾਣਦੀ ਤੇ ਸਮਝਦੀ ਹਾਂ, ਤਾਂ ਮੇਰੀ ਅਰਪਨ ਕੀਤੀ ਜ਼ਿੰਦਗੀ ਤੁਹਾਡੇ ਲਈ ਇਕ ਪਾਕ ਚੀਜ਼ ਬਣਨੀ ਚਾਹੀਦੀ ਸੀ! ਪਰ ਜੇ ਆਦਮੀ ਉਹੋ ਕੁਝ ਨੇ ਜਿਹੜੇ ਤੁਹਾਡੇ ਵਰਗੇ ਸਾਬਤ ਹੁੰਦੇ ਨੇ ਤਾਂ ਮੇਰਾ ਸਾਰਾ ਕੁਝ ਹਵਾਲੇ ਕਰਨ ਦਾ ਮਤਲਬ ਹੀ ਕੁਝ ਨਹੀਂ ਸੀ। ਉਸ ਵੇਲੇ ਤਾਂ ਮੈਨੂੰ ਇਹ ਸੋਚਦਿਆਂ ਵੀ ਡਰ ਆਉਂਦਾ ਸੀ, ਕਿਉਂਕਿ ਮੈਂ ਤੁਹਾਨੂੰ ਆਕਾਸ਼ ਵਲ ਲੈ ਜਾਂਦੀ ਸਾਂ। ਤੁਹਾਡੀਆਂ ਕਮਜ਼ੋਰੀਆਂ ਜਾਂ ਭੈੜੀਆਂ ਆਦਤਾਂ ਵਲ ਕਦੀ ਖ਼ਿਆਲ ਨਹੀਂ ਸੀ ਕੀਤਾ। ਮੈਂ ਤੁਹਾਨੂੰ ਬਹੁਤਾ ਪਿਆਰ ਆਪਣਾ ਇਤਕਾਦ ਤੁਹਾਡੇ ਵਿਚ ਹੋਣ ਕਰਕੇ ਕਰਦੀ ਸੀ, ਤੇ ਤੁਹਾਨੂੰ ਇਕ ਇਹੋ ਜਿਹਾ ਵੱਡਾ ਆਦਮੀ ਸਮਝਦੀ ਸਾਂ, ਜਿਸ ਦਾ, ਇਨਸਾਨੀਅਤ ਸਭ ਤੋਂ ਵੱਡਾ ਗੁਣ ਹੈ।

ਹੁਣ ਮੈਂ ਜਦ ਬਾਗ ਵਿਚ, ਮਨਜੀਤ ਨਾਲ ਜਾਂਦੀ ਹਾਂ ਤਾਂ ਪੰਛੀਆਂ ਤੇ ਫੁਲਾਂ ਦਾ ਸਾਥ ਤੁਹਾਡੇ ਨਾਲੋਂ ਵਧੀਕ ਸਵਾਦਲਾ ਲਗਦਾ ਹੈ, ਕਿਉਂਕਿ ਇਨ੍ਹਾਂ ਵਿਚ ਬੇ-ਵਜ਼ਾਈ ਨਹੀਂ ਹੋ ਸਕਦੀ। ਗੁਲਾਬ ਦੇ ਫੁਲ ਏਸ ਤਰ੍ਹਾਂ ਲਗਦੇ ਨੇ ਜਿਸ ਤਰ੍ਹਾਂ ਉਹ ਮੈਨੂੰ ਆਪਣੇ ਵਲ ਸਦਣ ਲਈ ਸਿਰ ਹਿਲਾ ਰਹੇ ਨੇ। ਖ਼ੈਰ ਤੁਹਾਨੂੰ ਹੁਣ ਇਨ੍ਹਾਂ ਗੱਲਾਂ ਨਾਲ ਕੀ ਦਿਲਚਸਪੀ।

ਸੁਣਾਉ, ਵਿਆਹ ਦੀ ਤਾਰੀਖ਼ ਮੁਕੱਰਰ ਹੋ ਗਈ ਹੈ? ਉਦੋਂ ਤੇ ਏਥੇ ਆਓਗੇ ਹੀ।

ਤੁਹਾਨੂੰ ਮਿਲਣ ਦੀ ਚਾਹਵਾਨ ... ... ... ... ...

੨੦੯