ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/227

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਤ ਨੰ: ੮o

ਮੈਨੂੰ ਭੁਲ ਰਹੇ ਦੇਵਿੰਦਰ,

ਆਖ਼ਿਰ ਤੁਹਾਡੇ ਵਿਆਹ ਦਾ ਦਿਨ ਆ ਗਿਆ। ਮੈਂ ਬੜੀ ਰੀਝ ਜਿਹੀ ਨਾਲ ਤਿਆਰ ਹੋ ਕੇ ਵੀਰ ਜੀ ਨਾਲ ਤੁਹਾਡੇ ਘਰ ਗਈ .... .... ਕਿੰਨੀ ਰੌਣਕ ਸੀ। ਹਰ ਪਾਸੇ ਖ਼ੁਸ਼ੀ ਦਾ ਤੁਫ਼ਾਨ ਆਇਆ ਹੋਇਆ ਸੀ। ਆਲਾ ਦੁਆਲਾ ਅਜੀਬ ਰੌਸ਼ਨੀ ਵਿਚ ਝਲਕਾਂ ਮਾਰਦਾ ਸੀ। ਲੋਕੀ ਖੂਬ ਸਜ ਧਜ ਕੇ ਆਏ ਹੋਏ ਸਨ। ਭੈਣਾਂ ਨੇ ਗੀਤ ਗਾਏ, ਇਕ ਸਿਆਣੇ ਜਿਹੇ ਪੁਰਸ਼ ਨੇ ਸੇਹਰਾ ਬੱਧਾ, ਲੋਕਾਂ ਕੋਲੋਂ ਰੁਪਏ ਕੱਠੇ ਕੀਤੇ ਗਏ, ਤੇ ਤੁਹਾਨੂੰ ਇਕ ਸੋਹਣੇ ਸਜੇ ਹੋਏ ਘੋੜੇ ਤੇ ਸਵਾਰ ਕਰ ਦਿਤਾ ਗਿਆ।

ਮੇਰੀ ਤਬੀਅਤ ਮਚਲ ਗਈ - ਦਿਲ ਹਲੋਰੇ ਖਾਣ ਲਗ ਪਿਆ ... ਸੁਤੀਆਂ ਹੋਈਆਂ ਉਮੰਗਾਂ ਫੇਰ ਜਾਗ ਉਠੀਆਂ ... ਇਕ ਵਾਰੀ ਫੇਰ ਮੇਰੀ ਰਗ ਰਗ ਵਿਚ ਤੁਹਾਡੇ ਪੁਰਾਣੇ ਪਿਆਰ ਦਾ ਖੂਨ ਜੋਸ਼ ਮਾਰਨ ਲਗ ਪਿਆ ... ਏਸ ਲਈ ਨਹੀਂ, ਕਿ ਮੇਰੀ ਥਾਂ ਹੁਣ ਤੁਹਾਡੀ ਕਈ ਹੋਰ ਵ .. ... ਬਣੇਗੀ। ਏਸ ਲਈ ਕਿ ਜਲਦੀ ਹੀ ਤੁਸੀ ਮੈਨੂੰ ਆਪਣੀ ਯਾਦ ਚੋਂ ਬੂਰੀ ਤਰਾਂ ਧੱਕਾ ਦੇ ਕੇ ਕਢਣ ਦੇ ਵਸੀਲੇ ਕਰੋਗੇ।...ਮੇਰੀਆਂ ਅੱਖਾਂ ਭਰ ਆਈਆਂ ... ਮੈਂ ਰੁਕ ਨਾ ਸਕੀ ... ਕੋਠੇ ਤੇ ਚਲੀ ਗਈ .. ਡਰਦੀ ਸਾਂ ਕਿ ਮੇਰੀਆਂ ਭਰੀਆਂ ਹੋਈਆਂ ਅੱਖਾਂ ਨੂੰ ਕੋਈ ਦੇਖ ਨਾ ਲਵੇ ਤੇ ਮੈਂ ਬਦਸਗਨ ਨਾ ਗਿਣੀ ਜਾਵਾਂ। ਹਾਂ, ਦੇਵਿੰਦਰ ਜੀ, ਖੂਬ ਰੋਈ, ਤੇ ਰਜ ਕੇ ਰੋਈ .... ਪਰ ਆਖ਼ਰੀ ਵਾਰ।

੧੧੩