ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/236

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਲਗਨ - ਪਰ ਦਵਿੰਦਰ ਜੀ ਮੈਂ ਫੇਰ ਤਹਾਨੂੰ ਯਕੀਨ ਦਿਵਾਉਣਾ ਚਾਹੁੰਦੀ ਹਾਂ, ਕਿ ਮੈਂ ਹੁਣ ਉਹ ਨਹੀਂ ਜੋ ਪਹਿਲੋਂ ਸਾਂ - ਦੁਨੀਆ ਹੁਣ ਮੇਰੀਆਂ ਨਜ਼ਰਾਂ ਵਿਚ ਬਦਲ ਗਈ ਹੈ, ਇਸ ਲਈ ਤੁਹਾਨੂੰ ਵੀ ਮੇਰੇ ਦਿਲ ਤੇ ਅੱਖਾਂ ਨੇ ਬਦਲਾ ਦਿਤਾ ਹੈ।

ਹਾਂ, ਇਕ ਸਮਾਂ ਜ਼ਰੂਰ ਸੀ ਜਦੋਂ ਮੈਂ ਤੁਹਾਡੀ ਸੂਰਤ ਤੇ ਸੁਭਾ ਦੋਹਾਂ ਤੇ ਮੋਹਤ ਹੋ ਗਈ ਸਾਂ, ਤੇ ਹੋ ਸਕਦਾ ਸੀ, ਕਿ ਜੇ ਤੁਸੀ ਜਲਦੀ ਬੇ-ਵਫ਼ਾਈ ਨਾ ਕਰਦੇ ਤਾਂ ਮੈਂ ਜਜ਼ਬਾਤਾਂ ਦੀ ਰੌ ਵਿਚ ਰੁੜ੍ਹ ਕੇ ਕਿਤੇ ਦੀ ਕਿਤੇ ਪੁਜ ਜਾਂਦੀ ਤੇ ਆਪਣੀ ਜ਼ਿੰਦਗੀ ਨੂੰ ਤੁਹਾਡੀ ਜ਼ਿੰਦਗੀ ਵਿਚ ਜਜ਼ਬ ਕਰ ਦੇਦੀ, ਭਾਵੇਂ ਪਿਛੋਂ ਮੈਨੂੰ ਪਛਤਾਉਣਾ ਹੀ ਪੈਂਦਾ। ਪਰ ਹੁਣ ਮੈਂ ਸਮਝਦੀ ਹਾਂ, ਇਹ ਮੇਰੀ ਬੇ-ਬਸੀ ਸੀ। ਉਹ ਜਵਾਨੀ ਦੇ ਵਲਵਲਿਆਂ ਦੀ ਹਨੇਰੀ ਸੀ ਜਿਹੜੀ ਮੈਨੂੰ ਅੰਧਾ-ਧੁੰਦ ਉਡਾਈ ਲਈ ਜਾਂਦੀ ਸੀ; ਜਵਾਨੀ ਦਾ ਹੜ ਸੀ ਜਿਹੜਾ ਮੈਨੂੰ ਆਪਣੇ ਨਾਲ ਬਹਾਈ ਲਈ ਜਾਂਦਾ ਸੀ। ਮੈਂ ਉਸ ਵੇਲੇ ਅੱਲੜ ਸਾਂ ਤੇ ਮੇਰੇ ਉਸ ਵੇਲੇ ਖ਼ਿਆਲ ਅਲ੍ਹੜ-ਪਨ ਦਾ ਨਤੀਜਾ ਸਨ। ਹੁਣ ਮੈਨੂੰ ਕਾਫ਼ੀ ਸਮਝ ਆ ਗਈ ਹੈ। ਹੁਣ ਮੈਨੂੰ ਜਵਾਨੀ ਦਾ ਤੁਫ਼ਾਨ ਬੇ-ਕਾਬੂ ਨਹੀਂ ਬਣਾ ਸਕਦਾ।

ਦੇਵਿੰਦਰ ਜੀ, ਮੈਂ ਹੁਣ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ, ਕਿ ਜਿਹੜੇ ਆਦਮੀ ਔਰਤ ਦੀ ਖੂਬਸੂਰਤੀ ਦਾ ਠੀਕ ਲਾਭ ਨਹੀਂ ਉਠਾਉਂਦੇ ਉਹ ਦੁਨੀਆ ਦੀ ਬਹੁਤੀ ਖੁਸ਼ੀ ਨੂੰ ਬਰਬਾਦ ਕਰਦੇ ਨੇ।

ਸਚੀ ਗਲ ਤਾਂ ਇਹ ਹੈ ਕਿ ਇਨਸਾਨ ਲਈ ਇਨਸਾਨੀਅਤ ਤੋਂ ਵਧ ਕੋਈ ਚੀਜ਼ ਨਹੀਂ।

ਮੈਨੂੰ ਹੁਣ ਵੀ ਸੁਪਨੇ ਆਉਂਦੇ ਨੇ, ਪਹਿਲੇ ਵਰਗੇ ਨਹੀਂ - ਸਾਰੇ ਸੰਸਾਰ ਨੂੰ ਖੁਸ਼ੀ ਦੇਖਣ ਦੇ। ਤੁਹਾਨੂੰ ਵੀ।

ਮੇਰੇ ਲਈ ਕੋਈ ਸੇਵਾ ? ਕੋਈ ਹੁਕਮ ? ਤੁਹਾਡੀ ... ..

੨੨੨