ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਾਹੁੰਦੀ ਹਾਂ।

ਹਨੇਰੀ ਰਾਤ ਵਿਚ ਚਮਕਦੇ ਹੋਏ ਸਤਾਰੇ ਮੇਰੇ ਨਾਲ ਮੁਸਕਰਾਂਦੇ ਨੇ - ਕਿ ਮੈਂ ਤੁਹਾਡੇ ਦਰਸ਼ਨਾਂ ਦੀ ਉਮੀਦ ਤੇ ਬੈਠੀ ਕਿਸ ਤਰ੍ਹਾਂ ਸੋਚ ਰਹੀ ਹਾਂ। ਦੇਵਿੰਦਰ, ਜੇ ਪ੍ਰੇਮ ਦੀਆਂ ਬਦਲੀਆਂ ਚੋਂ ਇਸ ਉਮੀਦ ਤੇ ਕੁਝ ਛਿਟਾਂ ਪੈ ਜਾਣ — ਤਾਂ ਮੇਰੀਆਂ ਖ਼ਾਹਸ਼ਾਂ ਦੀ ਮੁਰਝਾਈ ਹੋਈ ਖੇਤੀ ਲਹਿ ਲਹਿ ਕਰਨ ਲਗ ਜਾਏ।

ਤੁਸੀਂ ਸ਼ਾਇਦ ਨਾ ਮੰਨੋ ਕਿ ਜਦੋਂ ਮੇਰੇ ਦਿਲ ਅੰਦਰ ਤੁਹਾਡੇ ਪਿਆਰ ਦੇ ਨੂਰ ਦਾ ਝੌਲਾ ਜਿਹਾ ਪੈਂਦਾ ਹੈ, ਤਾਂ ਉਸ ਵੇਲੇ ਮੈਨੂੰ ਇਹ ਗੱਲ ਦਿਨ ਦੀ ਰੌਸ਼ਨੀ ਵਾਂਗ ਦਿੱਸਣ ਲਗ ਜਾਂਦੀ ਹੈ, ਕਿ ਹਰੇਕ ਆਦਮੀ ਅੰਦਰ ਬੁਰਿਆਈਆਂ ਘਟ ਤੇ ਚੰਗਿਆਈਆਂ ਵਧੀਕ ਹਨ। ਨਾ ਦੋਸਤ, ਨਾ ਹੋਰ ਲੋਕ, ਨਾ ਇਹ ਦੁਨੀਆ ਦੇ ਹਾਲਾਤ ਬੁਰੇ ਹਨ। ਜਦੋਂ ਪਿਆਰ ਦੀ ਰੋਸ਼ਨੀ ਉੱਤੇ ਢਕਣ ਦੇ ਦਿੱਤਾ ਜਾਂਦਾ ਹੈ, ਓਦੋਂ ਸਭ ਹਨੇਰਾ ਹੋ ਜਾਂਦਾ ਹੈ ਤੇ ਚੰਗੀਆਂ ਚੀਜ਼ਾਂ ਵੀ ਭੈੜੀਆਂ ਦਿੱਸਣ ਲਗ ਜਾਂਦੀਆਂ ਨੇ, ਸੁਹਣੇ ਪੁਰਸ਼ ਕੌੜੇ ਲਗਣ ਲਗ ਜਾਂਦੇ ਹਨ; ਮਿਠਾਸ ਦੀ ਥਾਂ ਕੁੜੱਤਣ ਆ ਜਾਂਦੀ ਹੈ; ਹਮਦਰਦੀ ਦੀ ਥਾਂ ਘਿਰਣਾ ਸ਼ੁਰੂ ਹੋ ਜਾਂਦੀ ਹੈ ਤੇ ਸੁਖ ਦੁਖ ਵਿਚ ਤਬਦੀਲ ਹੋ ਜਾਂਦੇ ਹਨ।

ਤੁਹਾਡੇ ਖ਼ਤ ਦੇ ਆਖ਼ਰੀ ਪੈਰੇ ਦੇ ਲਫ਼ਜ਼, ਮੇਰੀਆਂ ਅੱਖਾਂ ਅਗੇ ਘੜੀ ਘੜੀ ਆ ਰਹੇ ਨੇ। "ਮੈਂ ਪਰਸੋਂ ਸ਼ਾਮ ਨੂੰ - ਜੇ ਅਜ ਰਾਜ਼ੀ ਹੋ ਗਿਆ - ਬਾਗ ਵਿਚ ੬ ਵਜੇ ਫੁਹਾਰੇ ਕੋਲ ਮਿਲਣ ਦੀ ਕੋਸ਼ਿਸ਼ ਕਰਾਂਗਾ।" ਇਨ੍ਹਾਂ ਨੂੰ ਪੜ ਕੇ ਅੱਖਾਂ ਮਲਣ ਲਗ ਜਾਂਦੀ ਹਾਂ। ਯਕੀਨ ਨਹੀਂ ਆਉਂਦਾ ਕਿ ਤੁਸੀਂ ਆਓਗੇ। ਸਚੀਂਂ, ਦੇਵਿੰਦਰ ਜੀ ਜ਼ਰੂਰ ਆਉਣਾ। ਮੈਨੂੰ ਨੇੜੇ ਹੋ ਕੇ ਦੇਖਣ ਦੀ ਬੜੀ ਚਾਹ ਹੈ। ਉਹ ਜਾਣੇ ਬੋਲਣਾ ਨਾ, ਕੋਈ ਸੁਣ ਨਾ ਲਵੇ। ਲੋਕਾਂ ਨੂੰ ਕੀ ਪਤਾ ਲਗਣਾ ਏ, ਤੁਸੀਂ ਕੌਣ ਤੇ ਮੈਂ ਕੌਣ ਹਾਂ। ਇਹ ਸਾਡੇ ਦਿਲ ਹੀ ਜਾਣਦੇ ਨੇ। ਤੁਸੀ ਅਜ ਖੂਬ ਤਕੜੇ ਹੋ ਜਾਓ। ਦੇਖਣਾ ਪਰਹੇਜ਼ ਰੱਖਣਾ।

੪੩