ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/55

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਖ਼ਤ ਨੰ: ੧੬

 

ਦੇਵਿੰਦਰ ਜੀ!

ਘੜੀ ਦੇਖਦਿਆਂ ਦੇਖਦਿਆਂ, ਮਸਾਂ ਕਿਤੇ ਸ਼ਾਮ ਦੇ ਸਾਢੇ ਪੰਜ ਵਜੇ, ਤੇ ਮੈਂ ਕਈਆਂ ਹਸਰਤਾਂ, ਕਈਆਂ ਉਮੰਗਾਂ, ਰੀਝਾਂਂ ਤੇ ਅਰਮਾਨਾਂ ਨੂੰ ਨਾਲ ਲੈ ਕੇ ਮਨਜੀਤ ਨਾਲ ਉਸ ਬਾਗ਼ ਵਲ ਟੁਰ ਪਈ, ਜਿਸ ਦਾ ਹਰ ਫੁੱਲ ਅਜ ਤੁਹਾਡੇ ਸੁਆਗਤ ਦੀ ਖ਼ੁਸ਼ੀ ਵਿਚ ਝੂਮ ਰਿਹਾ ਸੀ। ਹਵਾ ਵਿਚੋਂ ਵੀ ਬੜੀਆਂ ਮਿਠੀਆਂ ਲਪਟਾਂ ਆ ਰਹੀਆਂ ਸਨ। ਪੰਛੀ ਵੀ ਖ਼ਾਸ ਇਹਤਿਆਤ ਨਾਲ ਗਾ ਰਹੇ ਸਨ। ਬੜੀ ਮਧੁਰ ਆਵਾਜ਼ ਸੀ ਉਨ੍ਹਾਂ ਦੀ। ਫੁਹਾਰੇ ਵਿਚੋਂ ਪਾਣੀ ਦੀ ਥਾਂ ਖ਼ੁਸ਼ੀ ਦੀਆਂ ਫੁਹਾਰਾਂ ਫੁਟ ਕੇ ਨਿਕਲ ਰਹੀਆਂ ਸਨ...। ਮੈਂ ਤੁਹਾਡਾ ਸੁਆਗਤ ਕਰਨ ਲਈ ਪੰਜ ਕੁ ਮਿੰਟ ਪਹਿਲੋਂ ਪਹੁੰਚ ਗਈ ਤਾਂ ਜੁ ਤੁਹਾਨੂੰ ਮੇਰੀ ਖ਼ਾਤਰ ਬਿਲਕੁਲ ਉਡੀਕ ਨਾ ਕਰਨੀ ਪਵੇ। ਨਾਲੇ ਵੱਡੇ ਆਦਮੀ ਪਹਿਲੋਂ ਨਹੀਂ ਆਉਂਦੇ। ਤੇ ਤੁਸੀ ਤੇ ਹੋਏ ਵੀ ਮੇਰੇ ਲਈ ਸਾਰੀ ਦੁਨੀਆਂ ਤੋਂ ਉੱਚੇ।

ਤੁਸੀ ਅਜੇ ਦੂਰ ਹੀ ਸਉ, ਕਿ ਮੇਰੇ ਦਿਲ ਨੇ ਧੜਕਨਾ ਸ਼ੁਰੂ ਕਰ ਦਿੱਤਾ। ਕੁਝ ਇਹੋ ਜਹੀ ਖੁਸ਼ੀ ਮਹਿਸੂਸ ਹੋਵੇ ਜਿਸ ਨਾਲ ਮੇਰਾ ਸਾਰਾ ਬਦਨ ਪਿਆਰ ਨਾਲ ਇਕ ਸੁਰ ਜਿਹਾ ਹੋ ਗਿਆ। ਲਤਾਂ ਤੁਹਾਡੇ ਵਲ ਅਗੇ ਵਧਣ ਨੂੰ ਉਠਨ, ਪਰ ਮੈਂ ਬੁਤ ਦੀ ਤਰ੍ਹਾਂ ਖੜੀ ਰਹੀ। ਤੁਸੀ ਜਦ ਕੋਲ ਆ ਗਏ, ਮੇਰੇ ਹਥ ਬਦੋ ਬਦੀ ਉੱਚੇ ਹੋ ਕੇ ਜੁੜ ਗਏ। ਥਿੜਕਦੀ ਜ਼ਬਾਨ ਨੇ ਤੇ ਭਰੇ ਹੋਏ ਗਲੇ ਨੇ 'ਨਮਸਤੇ' ਕਿਹਾ, ਪਰ ਮੇਰੀਆਂ ਅੱਖਾਂ

੪੫